
‘ਖੋਹੇ ਗਏ ਅਧਿਕਾਰਾਂ’ ਦੀ ਬਹਾਲੀ ਲਈ
ਕਿਹਾ, ਜਦ ਕਿਸਾਨ ਸ਼ਾਂਤੀਮਈ ਢੰਗ ਨਾਲ ਖੇਤੀ ਕਾਨੂੰਨ ਰੱਦ ਕਰਵਾ ਸਕਦੇ ਹਨ ਤਾਂ ਕਸ਼ਮੀਰ ਮੁੱਦਾ
ਜੰਮੂ, 18 ਦਸੰਬਰ : ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸਨਿਚਰਵਾਰ ਨੂੰ ਨੌਜਵਾਨਾਂ ਨੂੰ ਕਿਹਾ ਕਿ ਉਹ ਕੇਂਦਰ ਵਲੋਂ ਖੋਹੇ ਗਏ ਅਧਿਕਾਰਾਂ ਦੀ ਬਹਾਲੀ ਲਈ ਸ਼ਾਂਤਮਈ ਢੰਗ ਨਾਲ ਲੜਨ ਕਿਉਂਕਿ ਅੱਗੇ ਦਾ ਰਸਤਾ ਅਹਿੰਸਾ ਦਾ ਹੈ ਨਾ ਕਿ ਪੱਥਰਾਂ ਜਾਂ ਬੰਦੂਕਾ ਦਾ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਅਤਿਵਾਦੀਆਂ ਦੁਆਰਾ ਨਾਗਰਿਕਾਂ ਦੀ ਹਤਿਆ ਬਾਰੇ ਖੁਫੀਆ ਜਾਣਕਾਰੀ ਪਹਿਲਾਂ ਤੋਂ ਹੀ ਸੀ, ਪਰ ਉਸ ਨੇ ਇਸ ਨੂੰ ਰੋਕਣ ਲਈ ਜਾਣਬੁੱਝ ਕੇ ਕਦਮ ਨਹੀਂ ਚੁੱਕੇ।
ਮਹਿਬੂਬਾ ਨੇ ਸਰਹੱਦੀ ਜ਼ਿਲ੍ਹੇੇ ਰਾਜੌਰੀ ’ਚ ਯੁਵਾ ਸੰਮੇਲਨ ’ਚ ਕਿਹਾ, ‘‘ਤੁਹਾਨੂੰ ਸਥਿਤੀ ਨੂੰ ਸਮਝਣਾ ਹੋਵੇਗਾ ਅਤੇ ਸਾਡੀ ਆਵਾਜ਼ ਬਣਨਾ ਹੋਵੇਗਾ... ਜੇਕਰ ਤੁਸੀਂ ਅੱਜ ਹਿੰਮਤ ਨਹੀਂ ਦਿਖਾਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਖੜ੍ਹੇ ਕਰਨਗੀਆਂ ਕਿਉਂਕਿ ਸਾਡੀ ਜ਼ਮੀਨ, ਨੌਕਰੀਆਂ ਅਤੇ ਇਥੋਂ ਤਕ ਕਿ ਖਣਿਜ ਵੀ ਬਾਹਰਲੇ ਲੋਕਾਂ ਕੋਲ ਜਾ ਰਿਹਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਖੜ੍ਹੇ ਹੋ ਕੇ ਅਪਣੇ ਹੱਕਾਂ ਲਈ ਲੜੀਏ।’’
ਪੀਡੀਪੀ ਨੇਤਾ ਨੇ ਕਿਹਾ, ‘‘ਮੈਂ ਤੁਹਾਨੂੰ ਕਦੇ ਵੀ ਪੱਥਰ ਜਾਂ ਬੰਦੂਕ ਚੁੱਕਣ ਲਈ ਨਹੀਂ ਕਹਾਂਗੀ। ਮੈਂ ਜਾਣਦੀ ਹਾਂ ਕਿ ਉਨ੍ਹਾਂ ਕੋਲ ਇਸ ਮਾਰਗ ’ਤੇ ਚੱਲਣ ਵਾਲਿਆਂ ਵਿਰੁਧ ਇਕ ਗੋਲੀ ਤਿਆਰ ਹੈ। ਤੁਹਾਨੂੰ ਅਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਸਾਡੇ ਖੋਹੇ ਗਏ ਹੱਕਾਂ ਲਈ ਜਮਹੂਰੀ ਸੰਘਰਸ਼ ਵਿਚ ਸ਼ਾਮਲ ਹੋਣਾ ਪਵੇਗਾ।’’ ਘਾਟੀ ਵਿਚ ਅਤਿਵਾਦੀਆਂ ਦੁਆਰਾ ਹਾਲ ਹੀ ਵਿਚ ਆਮ ਨਾਗਰਿਕਾਂ ਦੀ ਹਤਿਆ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਮਲਿਆਂ ਬਾਰੇ ਪਹਿਲਾਂ ਹੀ ਖੁਫੀਆ ਜਾਣਕਾਰੀ ਸੀ, ਪਰ ਕੁੱਝ ਨਹੀਂ ਕੀਤਾ।
ਉਨ੍ਹਾਂ ਕਿਹਾ, ‘‘ਜੋ ਮਾਰੇ ਗਏ ਉਹ ਸਾਡੇ ਅਪਣੇ ਹੀ ਲੋਕ ਸਨ, ਪਰ 900 ਕਸ਼ਮੀਰੀ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਜਦੋਂ ਗ੍ਰਹਿ ਮੰਤਰੀ ਨੇ (ਪਿਛਲੇ ਮਹੀਨੇ) ਜੰਮੂ-ਕਸ਼ਮੀਰ ਦਾ ਦੌਰਾ ਕੀਤਾ, ਤਾਂ 1,000 ਹੋਰ ਨੌਜਵਾਨਾਂ ਨੂੰ ਚੁਕਿਆ ਗਿਆ। ਸਾਡੀਆਂ ਜੇਲਾਂ ਭਰ ਗਈਆਂ ਹਨ ਅਤੇ ਇਸ ਲਈ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਨੂੰ ਹੁਣ ਆਗਰਾ ਜੇਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਮਹਿਬੂਬਾ ਨੇ ਨੌਜਵਾਨਾਂ ਨੂੰ ਪੁਛਿਆ ਕਿ ਜਦ ਤਿੰਨ ਖੇਤੀ ਕਾਨੂੰਨਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਕਿਸਾਨ ਸਰਕਾਰ ਤੋਂ ਉਨ੍ਹਾਂ ਨੂੰ ਰੱਦ ਕਰਵਾ ਸਕਦੇ ਹਨ ਤਾਂ ‘‘30 ਸਾਲਾਂ ਵਿਚ ਹਜ਼ਾਰਾਂ ਕੁਰਬਾਨੀਆਂ’’ ਵਾਲਾ ਕਸ਼ਮੀਰ ਮੁੱਦਾ ਸ਼ਾਂਤੀਪੂਰਵਕ ਢੰਗ ਨਾਲ ਕਿਉਂ ਨਹੀਂ ਹੱਲ ਕੀਤਾ ਜਾ ਸਕਦਾ ਹੈ। ਮਹਿਬੂਬਾ ਨੇ ਕਿਹਾ ਕਿ ਉਸ ਨੂੰ ਅਪਣੇ ਪਿਤਾ ਦੇ ਸ਼ਬਦਾਂ ’ਤੇ ਪੂਰਾ ਭਰੋਸਾ ਹੈ, ਜਿਨ੍ਹਾਂ ਨੂੰ “ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੁਆਰਾ ਵੱਖਰਾ ਝੰਡਾ, ਸੰਵਿਧਾਨ ਅਤੇ ਜ਼ਮੀਨੀ ਅਧਿਕਾਰ ਦਿਤੇ ਜਾਣ ’ਤੇ ਮਾਣ ਸੀ।’’ (ਏਜੰਸੀ)