
ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਕੋਟਕਪੂਰਾ: ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਦੀ ਪਛਾਣ ਪਰਵਿੰਦਰ ਸਿੰਘ ਵਾਸੀ ਸੰਗਰੂਰ ਅਤੇ ਮਨਪ੍ਰੀਤ ਵਾਸੀ ਮਲੇਰਕੋਟਲਾ ਵਜੋਂ ਹੋਈ ਹੈ, ਇਹਨਾਂ ਨੇ ਡੇਰਾ ਪ੍ਰੇਮੀ ਦੀ ਹੱਤਿਆ ਤੋਂ ਬਾਅਦ ਤਿੰਨ ਸ਼ੂਟਰਾਂ ਨੂੰ ਬਾਜਾਖਾਨਾ ਤੋਂ ਅਗਲੇ ਪੜਾਅ ਤੱਕ ਲਿਜਾਉਣ ਅਤੇ ਉਹਨਾਂ ਨੂੰ ਪਨਾਹ ਦੇਣ ਦਾ ਕੰਮ ਕੀਤਾ ਸੀ।
ਦੋਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ ਸਾਹਮਣੇ ਪੇਸ਼ ਕੀਤਾ, ਜਿੱਥੋਂ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਇਹਨਾਂ ਮੁਲਜ਼ਮਾਂ ਨੇ ਮੁੱਖ ਸ਼ੂਟਰ ਜਤਿੰਦਰ ਸਿੰਘ ਜੀਤੂ ਅਤੇ ਦੋ ਨਾਬਾਲਗ ਸ਼ੂਟਰਾਂ ਨੂੰ ਘਟਨਾ ਮਗਰੋਂ ਫ਼ਰਾਰ ਹੋਣ ਤੋਂ ਬਾਅਦ ਬਾਜਾਖਾਨਾ ਤੋਂ ਆਲਟੋ ਕਾਰ ਰਾਹੀਂ ਅਗਲੇ ਪੜਾਅ ਤੱਕ ਪਹੁੰਚਾਇਆ ਸੀ। ਪੁਲਿਸ ਨੇ ਆਲਟੋ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।