
ਬੀਤੇ ਦਿਨ ਲਖਨਊ ਏਅਰਪੋਰਟ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ: ਕੋਟਭਾਈ ਅਗਵਾ ਅਤੇ ਕਤਲ ਮਾਮਲੇ ਦੇ ਮਾਸਟਰ ਮਾਈਂਡ ਅਤੇ ਮੁੱਖ ਮੁਲਜ਼ਮ ਨਵਜੋਤ ਸਿੰਘ ਨੂੰ ਅੱਜ ਗਿੱਦੜਬਾਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਨਵਜੋਤ ਸਿੰਘ ਦਾ 8 ਦਿਨ ਦਾ ਰਿਮਾਂਡ ਮਿਲਿਆ ਹੈ। ਨਵਜੋਤ ਸਿੰਘ ਨੂੰ ਬੀਤੇ ਦਿਨ ਲਖਨਊ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 30 ਲੱਖ ਰੁਪਏ ਫਿਰੌਤੀ ਲਈ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਅਗਵਾ ਅਤੇ ਕਤਲ ਕਰਨ ਦੇ ਇਸ ਮਾਮਲੇ ਵਿਚ ਪੁਲਿਸ ਨੇ ਬੀਤੇ ਦਿਨੀਂ 5 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ 20 ਸਾਲਾ ਹਰਮਨਦੀਪ 25 ਨਵੰਬਰ ਤੋਂ ਗਾਇਬ ਸੀ। ਨੌਜਵਾਨ ਨੂੰ ਪਿੰਡ ਕੋਟ ਭਾਈ ਤੋਂ ਅਗਵਾ ਕੀਤਾ ਗਿਆ ਸੀ। ਅਗਵਾਕਾਰਾਂ ਨੇ ਨੌਜਵਾਨ ਦੇ ਘਰ 'ਤੇ ਫਿਰੌਤੀ ਲਈ ਕਈ ਚਿੱਠੀਆਂ ਵੀ ਸੁੱਟੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਿਰੋਹ ਨੇ ਫਿਰੌਤੀ ਦੀ ਰਕਮ ਨਾ ਮਿਲਣ ਕਾਰਨ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ।