
ਪੁਲਸ ਨੇ ਮ੍ਰਿਤਕ ਸਾਹਿਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਜਲੰਧਰ : ਇੱਥੋਂ ਦੇ ਕਪੂਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 12ਵੀਂ ਜਮਾਤ ਦੇ ਵਿਦਿਆਰਥੀ ਨੇ ਬਾਥਰੂਮ ’ਚ ਫਾਹ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਸਕੂਲ ਦੇ ਸਟਾਫ਼ ਨੂੰ ਉਦੋਂ ਪਤਾ ਲੱਗਾ ਜਦੋਂ ਸਵੇਰੇ 10 ਵਜੇ ਦੇ ਕਰੀਬ ਕੁੱਝ ਵਿਦਿਆਰਥੀ ਸਕੂਲ ’ਚ ਬਣੇ ਬਾਥਰੂਮਾਂ ਵੱਲ ਗਏ ਤਾਂ ਉਨ੍ਹਾਂ ਨੇ ਵਿਦਿਆਰਥੀ ਦੀ ਲਟਕ ਰਹੀ ਲਾਸ਼ ਵੇਖੀ।
ਵਿਦਿਆਰਥੀਆਂ ਨੇ ਜਾ ਕੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ ਤੇ ਫਿਰ ਪ੍ਰਿੰਸੀਪਲ ਨੇ ਉਕਤ ਜਾਣਕਾਰੀ ਥਾਣਾ ਪਤਾਰਾ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਇੰਸ. ਅਰਸ਼ਪ੍ਰੀਤ ਕੌਰ ਨੇ ਡਿਊਟੀ ਅਫ਼ਸਰ ਏ. ਐੱਸ. ਆਈ. ਕਰਨੈਲ ਸਿੰਘ ਨੂੰ ਤੁਰੰਤ ਮੌਕੇ ’ਤੇ ਭੇਜਿਆ ਤੇ ਉਨ੍ਹਾਂ ਤੁਰੰਤ ਸਕੂਲ ’ਚ ਪਹੁੰਚ ਕੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - 1 ਅਪ੍ਰੈਲ 2023 ਤੋਂ ਕਬਾੜ ਹੋ ਜਾਣਗੇ ਸਾਰੇ ਸਰਕਾਰੀ ਵਾਹਨ, ਨੋਟੀਫਿਕੇਸ਼ਨ ਜਾਰੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਸਾਹਿਲ ਪੁੱਤਰ ਦਿਲਦਾਰ ਵਾਸੀ ਕਪੂਰ ਪਿੰਡ ਵਜੋਂ ਹੋਈ ਹੈ। ਦਰਜੀ ਦਾ ਕੰਮ ਕਰਨ ਵਾਲੇ ਮ੍ਰਿਤਕ ਦੇ ਪਿਤਾ ਦਿਲਦਾਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਪਿਛਲੇ ਕੁੱਝ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ ਪਰ ਉਸ ਨੇ ਇਸ ਬਾਰੇ ਕਦੇ ਕਿਸੇ ਨੂੰ ਨਹੀਂ ਦੱਸਿਆ।
ਰੋਜ਼ਾਨਾ ਵਾਂਗ ਸਵੇਰੇ ਵਿਦਿਆਰਥੀ ਸਮੇਂ ਸਿਰ ਸਕੂਲ ਲਈ ਘਰੋਂ ਨਿਕਲਿਆ ਸੀ ਤੇ ਕੁੱਝ ਸਮੇਂ ਬਾਅਦ ਸਕੂਲ ’ਚ ਹੀ ਉਸ ਦੀ ਖੁਦਕੁਸ਼ੀ ਦੀ ਖ਼ਬਰ ਆ ਗਈ, ਜਿਸ ਤੋਂ ਬਾਅਦ ਪੂਰੇ ਪਰਿਵਾਰ ’ਚ ਮਾਤਮ ਛਾ ਗਿਆ। ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਸਾਹਿਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।