
ਪੁਲਿਸ ਨੇ ਮੁਲਜ਼ਮ ਪ੍ਰਿੰਸ ਨੂੰ ਕੀਤਾ ਗ੍ਰਿਫ਼ਤਾਰ
Punjab News: ਜਲੰਧਰ 'ਚ ਇਕ ਆਟੋ ਚਾਲਕ ਨੇ ਨਰਸ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨਾਲ ਦੋ ਵਾਰ ਬਲਾਤਕਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਹਾਲਤ ਵਿਚ ਲੜਕੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਲੜਕੀ ਉਸ ਨੂੰ ਧੱਕਾ ਦੇ ਕੇ ਭੱਜ ਗਈ, ਉਸ ਨੇ ਲੜਕੀ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ। ਉਸ ਦਾ ਗਲਾ ਘੁੱਟ ਕੇ ਹਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਏ।
ਇਸ ਤੋਂ ਬਾਅਦ ਉਹ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਨੂੰ ਦੁਬਾਰਾ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਮਨ ਹੋਇਆ ਤਾਂ ਉਹ ਲਾਸ਼ ਦੇ ਨੇੜੇ ਆ ਗਿਆ। ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਲਾਸ਼ ਉਥੇ ਹੀ ਛੱਡ ਕੇ ਭੱਜ ਗਿਆ।
ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਸਿੰਘ ਧੋਗੜੀ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਿੰਸ, ਵਾਸੀ ਮਾਡਲ ਟਾਊਨ, ਰਾਜਪੁਰ ਮੁਹੱਲਾ ਵਜੋਂ ਹੋਈ ਹੈ। 25 ਦਸੰਬਰ ਨੂੰ ਲੜਕੀ ਖਾਂਬਰਾ ਚਰਚ ਆਈ ਸੀ। ਸ਼ਾਮ ਨੂੰ ਉਸ ਨੇ ਚਰਚ ਦੇ ਬਾਹਰੋਂ ਆਟੋ ਲਿਆ। ਆਟੋ ਚਾਲਕ ਪ੍ਰਿੰਸ ਸ਼ਰਾਬ ਦੇ ਨਸ਼ੇ ਵਿਚ ਸੀ। ਉਹ ਉਸ ਨੂੰ ਲਾਂਬੜਾ ਦੇ ਪਿੰਡ ਤਰੜ ਵਿਚ ਨਹਿਰ ਦੇ ਕੰਢੇ ਲੈ ਗਿਆ।
ਪ੍ਰਿੰਸ ਨੇ ਇਥੇ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪ੍ਰਿੰਸ ਨੂੰ ਧੱਕਾ ਦੇ ਕੇ ਭੱਜ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਲੜਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਕੁੱਝ ਦੂਰ ਜਾ ਕੇ ਉਸ ਨੇ ਕੁੜੀ ਨੂੰ ਫੜ ਲਿਆ ਅਤੇ ਗੁੱਸੇ ਵਿਚ ਉਸ ਦਾ ਗਲਾ ਘੁੱਟ ਦਿਤਾ। ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਉਸ ਦੀ ਲਾਸ਼ ਦੇ ਨਾਲ ਬਲਾਤਕਾਰ ਕੀਤਾ। ਡਰ ਦੇ ਮਾਰੇ ਉਸ ਨੇ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਦਿਤਾ ਅਤੇ ਭੱਜ ਗਿਆ।
26 ਦਸੰਬਰ ਦੀ ਸਵੇਰ ਨੂੰ ਤਰੜ ਪਿੰਡ ਦੇ ਸਰਪੰਚ ਨੇ ਲਾਂਬੜਾ ਪੁਲਿਸ ਨੂੰ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਰੀਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਜਾਂਚ ਕਰਦੇ ਹੋਏ ਆਟੋ ਚਾਲਕ ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਐਸਪੀ ਸੁਰਿੰਦਰ ਨੇ ਦਸਿਆ ਕਿ ਲੜਕੀ ਗੁਰਦਾਸਪੁਰ ਦੇ ਕੋਟਲੀ ਇਲਾਕੇ ਦੀ ਰਹਿਣ ਵਾਲੀ ਸੀ। ਪ੍ਰਵਾਰ ਮੁਤਾਬਕ ਉਹ ਨਰਸ ਦਾ ਕੰਮ ਕਰਦੀ ਸੀ। ਪੁਲਿਸ ਨੂੰ ਲੜਕੀ ਦੇ ਮੋਬਾਈਲ ਵਿਚੋਂ ਕੁਝ ਸ਼ੱਕੀ ਨੰਬਰ ਵੀ ਮਿਲੇ ਹਨ, ਜੋ ਵਿਦੇਸ਼ੀ ਸਨ। ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੰਬਰਾਂ ਦਾ ਕਤਲ ਨਾਲ ਕੋਈ ਸਬੰਧ ਨਹੀਂ ਪਾਇਆ ਗਿਆ।