
ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਬਿਜਲੀ ਦੀਆਂ ਉੱਚੀਆਂ ਦਰਾਂ ਦੇ ਵਿਰੁਧ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਨੇ ਸਾਰੇ ਸੂਬੇ ਵਿਚ ਪੈਰ ਪਸਾਰ...
ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਬਿਜਲੀ ਦੀਆਂ ਉੱਚੀਆਂ ਦਰਾਂ ਦੇ ਵਿਰੁਧ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਨੇ ਸਾਰੇ ਸੂਬੇ ਵਿਚ ਪੈਰ ਪਸਾਰ ਲਏ ਹਨ। ਪਿਛਲੇ ਕਈ ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਲੰਟੀਅਰਾਂ ਵਲੋਂ ਬਿਜਲੀ ਸੁਣਵਾਈ ਦੌਰਾਨ ਹਜ਼ਾਰਾਂ ਲੋਕਾਂ ਦੇ ਦੁਖੜੇ ਸੁਣੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ।
Bijli Andolan
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ ਕਰੀਬ 4 ਹਜ਼ਾਰ ਪਿੰਡਾਂ ਵਿਚ ਇਸ ਮੁਹਿੰਮ ਦੇ ਦੌਰਾਨ ਸੁਣਵਾਈ ਕੀਤੀ ਜਾ ਚੁੱਕੀ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਸਾਹਨੇਵਾਲ, ਸਰਦੂਲਗੜ੍ਹ, ਧਰਮਕੋਟ, ਭੁੱਚੋ, ਖਡੂਰ ਸਾਹਿਬ, ਅੰਮ੍ਰਿਤਸਰ, ਮਜੀਠਾ, ਖੇਮਕਰਨ ਅਤੇ ਨਵਾਂਸ਼ਹਿਰ ਆਦਿ ਖੇਤਰਾਂ ਵਿਚ ਸੁਣਵਾਈ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਉਨ੍ਹਾਂ ਦੀ ਲੁੱਟ ਕਰ ਰਹੀ ਹੈ।
Bijli Andolan
ਜਦੋਂਕਿ ਕਾਂਗਰਸ ਪਾਰਟੀ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਘੱਟ ਕਰਨ ਦਾ ਵਾਅਦਾ ਕੀਤਾ ਸੀ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਕੀਤੇ ਅਪਣੇ ਸਾਰੇ ਮੁੱਦਿਆਂ ਤੋਂ ਮੁੱਕਰ ਕੇ ਆਮ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖ਼ਰੀਦਣਾ ਸਰਕਾਰ ਦੀ ਲੋਕ ਮੁੱਦਿਆਂ ਪ੍ਰਤੀ ਅਸੰਵੇਦਨਸ਼ੀਲਤਾ ਪ੍ਰਗਟ ਕਰਦੀ ਹੈ।
Bijli Andolan
ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਹਰ ਖੇਤਰ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਜਿਸ ਕਾਰਨ ਸਰਕਾਰੀ ਤੰਤਰ ਫ਼ੇਲ੍ਹ ਹੋ ਰਿਹਾ ਹੈ।
ਸੂਬੇ ਦੇ ਵਿੱਤ ਮੰਤਰੀ 'ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਬਠਿੰਡਾ ਥਰਮਲ ਪਲਾਂਟਾਂ ਦੇ ਕਾਮਿਆਂ ਅਤੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਥਰਮਲ ਪਲਾਂਟ ਨੂੰ ਚਾਲੂ ਕੀਤਾ ਜਾਵੇਗਾ, ਪਰੰਤੂ ਸਰਕਾਰ ਬਣਨ ਦੇ ਕੁੱਝ ਮਹੀਨਿਆਂ ਬਾਅਦ ਹੀ ਥਰਮਲ ਨੂੰ ਬੰਦ ਕਰ ਕੇ ਨਿੱਜੀ ਕੰਪਨੀਆਂ ਤੋਂ ਲੋਕਾਂ ਦੀ ਲੁੱਟ ਕਰਵਾਉਣੀ ਸ਼ੁਰੂ ਕਰ ਦਿਤੀ।
Bijli Andolan
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗੰਭੀਰਤਾ ਨਾਲ ਬਾਦਲ ਸਰਕਾਰ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮਿਆਂ ਦੀ ਜਾਂਚ ਕਰਵਾਏ ਅਤੇ ਉਨ੍ਹਾਂ ਦੀ ਥਾਂ ਸਰਕਾਰੀ ਥਰਮਲ ਪਲਾਂਟਾਂ ਵਿਚੋਂ ਬਿਜਲੀ ਪ੍ਰਾਪਤ ਕਰੇ। ਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰ ਰਹੀ ਹੈ ਅਤੇ ਦੂਜੇ ਪਾਸੇ ਸਰਕਾਰ ਅਪਣੇ ਮੰਤਰੀਆਂ ਅਤੇ ਹੋਰ ਖ਼ਾਸ ਲੋਕਾਂ 'ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫ਼ਜ਼ੂਲ ਖ਼ਰਚੀ ਬੰਦ ਕਰ ਕੇ ਲੋਕਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰਨ ਦਾ ਹੀਲਾ ਕਰੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਗ਼ਰੀਬ ਲੋਕਾਂ ਦੇ ਵਧੇ ਹੋਏ ਬਿਜਲੀ ਬਿੱਲਾਂ ਨੂੰ ਘੱਟ ਕਰਵਾਉਣ ਦੇ ਮਕਸਦ ਨਾਲ ਬਿਜਲੀ ਸੁਣਵਾਈਆਂ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕਰਦੀ ਪਾਰਟੀ ਅਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗ਼ਰੀਬ ਲੋਕਾਂ ਦੀ ਲੁੱਟ ਦੇ ਵਿਰੋਧ ਵਿਚ ਛੇਤੀ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਘਿਰਾਓ ਕਰੇਗੀ।