
ਆਮ ਆਦਮੀ ਪਾਰਟੀ ਪੰਜਾਬ (ਆਪ) ਨੇ ਸੂਬੇ ਵਿਚ ਲਗਾਤਾਰ ਹੋ ਰਹੀ ਬੇ-ਮੌਸਮੀ ਬਾਰਸ਼ ਕਰ ਕੇ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਮੰਦੀ ਦੀ ਮਾਰ ਝੱਲ ਰਹੇ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ ਪੰਜਾਬ (ਆਪ) ਨੇ ਸੂਬੇ ਵਿਚ ਲਗਾਤਾਰ ਹੋ ਰਹੀ ਬੇ-ਮੌਸਮੀ ਬਾਰਸ਼ ਕਰ ਕੇ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਬਾਂਹ ਫੜੇ ਅਤੇ ਤੁਰਤ ਗਰਦਾਵਰੀ ਕਰ ਕੇ ਫ਼ੌਰੀ ਮੁਆਵਜ਼ੇ ਦੀ ਮੰਗ ਕੀਤੀ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਕੋਟਕਪੂਰਾ ਤੋਂ ਵਿਧਾਇਕ ਅਤੇ ਆਪ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਆਲੂ, ਸਬਜ਼ੀਆਂ ਤੇ ਕਿੰਨੂ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ
ਅਤੇ ਖੜੀ ਫ਼ਸਲ ਜਾਂ ਖ਼ਰਾਬ ਹੋ ਗਈ ਹੈ ਜਾਂ ਝਾੜ ਵਿਚ ਗਿਰਾਵਟ ਆਉਣ ਦਾ ਖ਼ਦਸ਼ਾ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਨੂੰ ਅਪੀਲ ਕਰਦੀ ਰਹੀ ਹੈ ਕਿ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਪਰ ਵਖਰਾ ਰਾਹ ਅਪਣਾਉਣ ਵਾਲੇ ਇਹ ਕਿਸਾਨ ਹੁਣ ਖ਼ੁਦ ਸੰਕਟ ਵਿਚ ਹਨ। ਫ਼ਸਲਾਂ ਦੇ ਹੋਏ ਇਸ ਨੁਕਸਾਨ ਵਲ ਸਰਕਾਰ ਨੇ ਅਜੇ ਤਕ ਕੋਈ ਗੰਭੀਰ ਐਕਸ਼ਨ ਨਹੀਂ ਲਿਆ
ਅਤੇ ਨਾ ਹੀ ਗਿਰਦਾਵਰੀ ਕਰਵਾਈ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਕਰੇ ਅਤੇ ਆਲੂ, ਕਿੰਨੂ, ਸਬਜ਼ੀਆਂ ਜਾਂ ਹੋਰ ਬਦਲਵੀਆਂ ਫ਼ਸਲਾਂ ਦੀ ਸਰਕਾਰੀ ਰੇਟ ਉਪਰ ਖ਼ਰੀਦ ਹੋਵੇ ਅਤੇ ਉਹ ਰੇਟ ਪਹਿਲਾਂ ਤੋਂ ਤੈਅ ਕੀਤਾ ਜਾਵਾ ਤਾਕਿ ਕਿਸਾਨ ਅਪਣੀ ਫ਼ਸਲ ਘੱਟ ਮੁਲ 'ਤੇ ਵੇਚਣ ਲਈ ਮਜਬੂਰ ਨਾ ਹੋਵੇ।