
ਡੀ.ਐਸ.ਪੀ. ਦਿਲਸ਼ੇਰ ਨੇ ਨਵਜੋਤ ਸਿੱਧੂ ਵਿਰੁਧ ਦਾਖ਼ਲ ਕੀਤੀ ਪਟੀਸ਼ਨ
ਚੰਡੀਗੜ੍ਹ, 19 ਫ਼ਰਵਰੀ (ਸ.ਸ.ਸ.) : ਪੁਲਿਸ ਵਾਲਿਆਂ ਦੇ ਕੰਮ ਨੂੰ ਲੈ ਕੇ ਵਿਅੰਗ ਕੱਸਣ ’ਤੇ ਵਿਵਾਦਾਂ ਵਿਚ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਨਵਜੋਤ ਸਿੱਧੂ ਵਲੋਂ ਪੁਲਿਸ ਵਾਲਿਆਂ ਵਿਰੁਧ ਕੀਤੀ ਗਈ ਟਿਪਣੀ ਨੂੰ ਲੈ ਕੇ ਡੀ.ਐਸ.ਪੀ. ਦਿਲਸ਼ੇਰ ਚੰਦੇਲ ਨੇ ਕੋਰਟ ਵਿਚ ਕ੍ਰਿਮੀਨਲ ਡੀਫਰਮੇਸ਼ਨ ਦੀ ਪਟੀਸ਼ਨ ਦਾਖ਼ਲ ਕਰ ਦਿਤੀ ਹੈ ਜੋ ਕਿ ਸਬਮਿਟ ਹੋ ਗਈ ਹੈ। ਇਸ ’ਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਸਮੇਂ ਡਿਊਟੀ ਦੇਣ ਵਾਲੇ ਪੁਲਿਸ ਕਰਮਚਾਰੀਆਂ ਦੇ ਕੰਮ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ, ਉਹ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੀ ਹੈ, ਜਿਸ ਲਈ ਧਾਰਾ 500 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਡੀ.ਐਸ.ਪੀ. ਦਿਲਸ਼ੇਰ ਚੰਦੇਲ ਨੇ ਨਵਜੋਤ ਸਿੰਘ ਸਿੱਧੂ ਦੇ ਚਾਰੇ ਪਤਿਆਂ ’ਤੇ ਲੀਗਲ ਨੋਟਿਸ ਭੇਜੇ ਸਨ। ਜਿਨ੍ਹਾਂ ਵਿਚੋਂ ਦੋ ਪਤਿਆਂ ’ਤੇ ਲੀਗਲ ਨੋਟਿਸ ਰਿਸੀਵ ਹੋਇਆ ਸੀ ਪਰ ਕੋਈ ਜਵਾਬ ਨਹੀਂ ਆਇਆ।