
ਗਮਾਡਾ ਨੇ ਕਿਹਾ- ਫਾਰਮ ਹਾਊਸ ਦੀ ਹੋ ਰਹੀ ਸੀ ਕਮਰਸ਼ੀਅਲ ਵਰਤੋਂ
Punjab News: ਚੰਡੀਗੜ੍ਹ ਭਾਜਪਾ ਦੇ ਆਗੂ ਦਵਿੰਦਰ ਸਿੰਘ ਬਬਲਾ ਦੇ ਮੁੱਲਾਂਪੁਰ ਸਥਿਤ ਫਾਰਮ ਹਾਊਸ ਨੂੰ ਸੋਮਵਾਰ ਸ਼ਾਮ ਨੂੰ ਸੀਲ ਕਰ ਦਿਤਾ ਗਿਆ। ਗਮਾਡਾ ਦਾ ਕਹਿਣਾ ਹੈ ਕਿ ਫਾਰਮ ਹਾਊਸ ਦੀ ਵਪਾਰਕ ਵਰਤੋਂ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ। ਫਾਰਮ ਹਾਊਸ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਬਬਲਾ ਨੇ ਸਰਕਾਰ 'ਤੇ ਸਿਆਸੀ ਰੰਜਿਸ਼ ਕਾਰਨ ਕਾਰਵਾਈ ਦਾ ਇਲਜ਼ਾਮ ਲਗਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਫਾਰਮ ਹਾਊਸ ਨੂੰ ਸੀਲ ਕਰਨ ਦਾ ਹੁਕਮ 19 ਫਰਵਰੀ ਨੂੰ ਜਾਰੀ ਕੀਤਾ ਗਿਆ ਅਤੇ ਗਮਾਡਾ ਦੀ ਟੀਮ ਨੇ ਸੋਮਵਾਰ ਨੂੰ ਹੀ ਕਾਰਵਾਈ ਕਰਦਿਆਂ ਫਾਰਮ ਹਾਊਸ ਸੀਲ ਕਰ ਦਿਤਾ। ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹੀਯੋਗ ਜ਼ਮੀਨ ਉਤੇ ਬਿਨਾਂ ਮਨਜ਼ੂਰੀ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ਅਤੇ ਉਸ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਹੋ ਰਹੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗਮਾਡਾ ਅਧਿਕਾਰੀਆਂ ਅਨੁਸਾਰ ਫਾਰਮ ਹਾਊਸ ਵਿਚ ਵਿਆਹ ਦੀਆਂ ਪਾਰਟੀਆਂ ਵੀ ਹੋ ਰਹੀਆਂ ਸਨ। ਇਸ ਸਬੰਧੀ ਜਨਵਰੀ 2024 ਵਿਚ ਵੀ ਨੋਟਿਸ ਜਾਰੀ ਕਰਦਿਆਂ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਬਬਲਾ ਨੇ ਇਸ ਤੋਂ ਇਨਕਾਰ ਕਰ ਦਿਤਾ। ਇਸ ਮਗਰੋਂ ਗਮਾਡਾ ਨੇ ਸੋਮਵਾਰ ਨੂੰ ਕਾਰਵਾਈ ਕਰਦਿਆਂ ਪੰਜਾਬ ਨਿਊ ਕੈਪੀਟਲ (ਪੈਰੀਫੇਰੀ) ਕੰਟਰੋਲ ਐਕਟ 1952 ਤਹਿਤ ਬਬਲਾ ਦਾ ਫਾਰਮ ਹਾਊਸ ਸੀਲ ਕਰ ਦਿਤਾ।
ਮਿਲੀ ਜਾਣਕਾਰੀ ਅਨੁਸਾਰ ਫਾਰਮ ਹਾਊਸ ਕਰੀਬ 25 ਕਨਾਲ ਵਿਚ ਬਣਿਆ ਹੋਇਆ ਹੈ। ਕਰੀਬ 4 ਏਕੜ ਵਿਚ ਫੈਲੇ ਫਾਰਮ ਹਾਊਸ ਦਾ ਮਾਲਕਾਨਾ ਹੱਕ ਦਵਿੰਦਰ ਬਬਲਾ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਦੇ ਨਾਂਅ ਉਤੇ ਹੈ। ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੈਅ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਹੀ ਫਾਰਮ ਹਾਊਸ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।
(For more Punjabi news apart from Punjab News GMADA seals BJP leader Devinder Babla’s farmhouse in Mohali, stay tuned to Rozana Spokesman)