ਬੱਬੂ ਮਾਨ ਸਮੇਤ ਕਈ ਮਸ਼ਹੂਰ ਕਲਾਕਾਰ ਕਰਨਗੇ ਸ਼ਿਰਕਤ
ਨਵਾਂ ਸ਼ਹਿਰ:(ਸੁਖਜਿੰਦਰ ਭੰਗਲ) 23 ਮਾਰਚ ਨੂੰ ਸ਼ਹੀਦ ਏ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਵੱਲੋਂ ਸਟੇਟ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਖਟਕੜ ਕਲਾਂ ਵਿਖੇ ਕਿਸਾਨ ਮਹਾਸਭਾ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ
ਪਰ ਹੁਣ ਜਦੋਂ ਸਰਕਾਰ ਨੇ ਕੋਰੋਨਾ ਦੇ ਚਲਦਿਆਂ ਸੂਬੇ ਵਿਚ ਭਾਰੀ ਇਕੱਠ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਕਿਸਾਨ ਆਗੂਆਂ ਦਾ ਪ੍ਰਸਾਸ਼ਨ ਨਾਲ ਪੇਚਾ ਪੈਣ ਦੇ ਪੂਰੇ ਆਸਾਰ ਬਣ ਗਏ ਹਨ ਕਿਉਂਕਿ ਕਿਸਾਨਾਂ ਨੇ ਸਰਕਾਰ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਕਿਸਾਨ ਮਹਾਸਭਾ ਲਈ ਵੱਡੇ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮਹਾਸਭਾ ਲਈ ਕਾਫ਼ੀ ਜ਼ਮੀਨ ਨੂੰ ਤਿਆਰ ਕੀਤਾ ਗਿਆ ਹੈ ਅਤੇ ਟੈਂਟ ਲੱਗਣੇ ਵੀ ਸ਼ੁਰੂ ਹੋ ਗਏ ਹਨ। ਕਿਸਾਨ ਆਗੂਆਂ ਵੱਲੋਂ ਕਰਵਾਈ ਜਾ ਰਹੀ ਕਿਸਾਨ ਮਹਾਸਭਾ ਵਿਚ ਵੱਡੇ ਕਿਸਾਨ ਆਗੂਆਂ ਤੋਂ ਇਲਾਵਾ ਬੱਬੂ ਮਾਨ ਸਮੇਤ ਪੰਜਾਬ ਦੇ ਕਈ ਮਸ਼ਹੂਰ ਗਾਇਕ ਵੀ ਪਹੁੰਚ ਰਹੇ ਹਨ, ਜਿਸ ਦੇ ਚਲਦਿਆਂ ਭਾਰੀ ਇਕੱਠ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਧਰ ਪ੍ਰਸਾਸ਼ਨ ਵੱਲੋਂ ਕੋਰੋਨਾ ਦੇ ਚਲਦਿਆਂ ਕਿਸਾਨ ਆਗੂਆਂ ਨੂੰ ਸਮਾਗਮ ਵਿਚ ਭਾਰੀ ਇਕੱਠ ਕਰਨ ਤੋਂ ਰੋਕਿਆ ਜਾ ਰਿਹਾ। ਡਿਪਟੀ ਕਮਿਸ਼ਨਰ ਵੱਲੋਂ ਜਿੱਥੇ ਕਿਸੇ ਵੱਡੇ ਸਮਾਗਮ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਉਥੇ ਹੀ ਉਨ੍ਹਾਂ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰੀ ਹੁਕਮਾਂ ਦੇ ਵਿਰੁੱਧ ਇੱਥੇ ਭਾਰੀ ਇਕੱਠ ਕੀਤਾ ਗਿਆ ਤਾਂ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਮਾਗਮ ਵਾਲੀ ਥਾਂ ’ਤੇ ਮੌਜੂਦ ਇਕ ਕਿਸਾਨ ਆਗੂ ਨੇ ਦੱਸਿਆ ਕਿ ਇਸ ਸਮਾਗਮ ਵਿਚ ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰ ਕਈ ਕਿਸਾਨ ਆਗੂ ਪਹੁੰਚਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਮਸ਼ਹੂਰ ਕਲਾਕਾਰ ਵੀ ਇਸ ਕਿਸਾਨ ਮਹਾਸਭਾ ਵਿਚ ਆਪਣੀ ਹਾਜ਼ਰੀ ਲਗਾਉਣ ਲਈ ਆ ਰਹੇ ਹਨ। ਸਰਕਾਰ ਦੀ ਮਨਜ਼ੂਰੀ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਕੋਰੋਨਾ ਦੇ ਚਲਦਿਆਂ ਸਾਡੇ ਵੱਲੋਂ ਖੁੱਲ੍ਹੀ ਥਾਂ ਦੀ ਚੋਣ ਕੀਤੀ ਗਈ ਹੈ, ਸਾਨੂੰ ਡੀਸੀ ਸਾਹਿਬ ਨੇ ਘੱਟ ਤੋਂ ਘੱਟ ਇਕੱਠ ਕਰਨ ਲਈ ਆਖਿਆ ਹੈ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਕਾਫ਼ੀ ਸਮੇਂ ਤੋਂ ਲੋਕਾਂ ਨੂੰ ਇਸ ਸਮਾਗਮ ਵਿਚ ਆਉਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਸਨ, ਜਿਸ ਦੇ ਚਲਦਿਆਂ ਇੱਥੇ ਭਾਰੀ ਇਕੱਠ ਹੋਣ ਦੇ ਪੂਰੇ ਆਸਾਰ ਨੇ ਪਰ ਹੁਣ ਜਦੋਂ ਸਰਕਾਰ ਨੇ ਭਾਰੀ ਇਕੱਠ ਕਰਨ ’ਤੇ ਰੋਕ ਲਗਾਈ ਹੋਈ ਹੈ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੇ ਇਸ ਭਾਰੀ ਇਕੱਠ ਨੂੰ ਰੋਕਣ ਲਈ ਕੀ ਕਾਰਵਾਈ ਕਰੇਗੀ?