
ਜੰਗੀ ਹਵਾਈ ਜਹਾਜ਼ ਤੋਂ ਬਾਅਦ ਚੀਨੀ ਜਹਾਜ਼ਵਾਹਕ ਬੇੜਾ ਤਾਇਵਾਨ ’ਚ ਦਾਖ਼ਲ
ਤਾਈਪੇ, 19 ਮਾਰਚ : ਚੀਨ ਲਗਾਤਾਰ ਤਾਈਵਾਨ ’ਤੇ ਅਪਣਾ ਦਾਅਵਾ ਕਰਦਾ ਰਿਹਾ ਹੈ ਅਤੇ ਉਸ ਵਲੋਂ ਪਿਛਲੇ ਦੋ ਸਾਲਾਂ ’ਚ ਟਾਪੂ ਕੋਲ ਫ਼ੌਜੀ ਗਤੀਵਿਧੀਆਂ ਤੇਜ਼ ਕਰ ਦਿਤੀਆਂ ਗਈਆਂ ਹਨ। ਇਕ ਪਾਸੇ ਯੂਕ੍ਰੇਨ ਤੇ ਰੂਸ ਦਰਮਿਆਨ ਜੰਗ ਜਾਰੀ ਹੈ ਤਾਂ ਦੂਜੇ ਪਾਸੇ ਚੀਨ ਵੀ ਤਾਈਵਾਨ ਵਿਰੁਧ ਅਪਣੀ ਤਾਕਤ ਵਿਖਾ ਰਿਹਾ ਹੈ। ਸ਼ੁਕਰਵਾਰ ਨੂੰ ਇਕ ਚੀਨੀ ਜਹਾਜ਼ਵਾਹਕ ਬੇੜਾ ਤਾਈਵਾਨ ਦੇ ਸੰਵੇਦਨਸ਼ੀਲ ਇਲਾਕੇ ’ਚ ਦਾਖ਼ਲ ਹੋਇਆ। ਇਹ ਘਟਨਾ ਉਦੋਂ ਹੋਈ ਜਦੋਂ ਕੁੱਝ ਹੀ ਸਮੇਂ ਬਾਅਦ ਚੀਨ ਦੇ ਰਾਸ਼ਟਰਪਤੀ ਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਗੱਲਬਾਤ ਹੋਈ ਹੈ। ਤਾਈਵਾਨ ਦੇ ਰਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿਤੀ ਹੈ।
ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਬਾਅਦ ਤਾਈਵਾਨ ’ਤੇ ਕਬਜ਼ਾ ਕਰਨ ਲਈ ਚੀਨ ਵਲੋਂ ਤਾਕਤ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਵਧ ਗਈ ਹੈ। ਇਕ ਪ੍ਰਤੱਖਦਰਸੀ ਨੇ ਦਸਿਆ ਕਿ ਜਹਾਜ਼ਵਾਹਕ ਬੇੜਾ ਸ਼ੇਡੋਂਗ ਤਾਈਵਾਨ ਵਲੋਂ ਨਿਯੰਤ੍ਰਿਤ ਟਾਪੂ ਕਿਨਮੇਨ ਦੇ ਕਰੀਬ ਪਹੁੰਚ ਗਿਆ ਹੈ ਜੋ ਸਿੱਧੇ ਚੀਨੀ ਸ਼ਹਿਰ ਜਿਆਮੇਨ ਸਾਹਮਣੇ ਹੈ। ਸਵੇਰੇ ਕਰੀਬ 10.30 ਵਜੇ ਸੀਵੀ-17 ਕਿਨਮੇਨ ਦੇ ਦੱਖਣ-ਪੱਛਮ ’ਚ ਲਗਭਗ 30 ਸਮੁੰਦਰੀ ਮੀਲ ਦੀ ਦੂਰੀ ’ਤੇ ਇਸ ਨੂੰ ਦੇਖਿਆ ਗਿਆ।
ਤਾਈਵਾਨ ਦੇ ਰਖਿਆ ਮੰਤਰਾਲਾ ਵਲੋਂ ਇਕ ਸੰਖੇਪ ਬਿਆਨ ’ਚ ਇਸ ਦੀ ਪੁਸ਼ਟੀ ਕੀਤੀ ਗਈ ਪਰ ਵਿਸਥਾਰ ’ਚ ਕੁੱਝ ਨਹੀਂ ਦਸਿਆ। ਪਿਛਲੇ ਦਿਨੀਂ ਅਮਰੀਕਾ ਦੇ ਜੁਆਇੰਟ-ਚੀਫ਼ ਆਫ਼ ਸਟਾਫ਼ ਦੇ ਸਾਬਕਾ ਪ੍ਰਧਾਨ ਮਾਈਕ ਮੁਲੇਨ ਨੇ ਕਿਹਾ ਸੀ ਕਿ ਤਾਈਵਾਨ ਸਮੁੰਦਰੀ ਇਲਾਕੇ ’ਚ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣਾ ਨਾ ਸਿਰਫ਼ ਅਮਰੀਕਾ, ਸਗੋਂ ਦੁਨੀਆ ਦੇ ਹਿੱਤ ’ਚ ਵੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਚੀਨ ਦੇ 9 ਹਵਾਈ ਜਹਾਜ਼ਾਂ ਨੇ ਤਾਈਵਾਨ ਦੇ ਏਅਰ ਡਿਫੈਂਸ ਜ਼ੋਨ ’ਚ ਘੁਸਪੈਠ ਕੀਤੀ ਸੀ। (ਏਜੰਸੀ)