
ਮਾਰਚ ਮਹੀਨੇ 'ਚ ਹੀ ਰੀਕਾਰਡ ਤੋੜ ਗਰਮੀ, 38 ਡਿਗਰੀ 'ਤੇ ਪੁਜਿਆ ਤਾਪਮਾਨ
ਚੰਡੀਗੜ੍ਹ, 19 ਮਾਰਚ (ਪ.ਪ.) : ਉੱਤਰ ਭਾਰਤ ੱ'ਚ ਮੌਸਮ ਨੇ ਇਕ ਵਾਰ ਫ਼ਿਰ ਤੋਂ ਕਰਵਟ ਬਦਲੀ ਹੈ | ਕੜਾਕੇ ਦੀ ਠੰਢ ਤੋਂ ਬਾਅਦ ਹੁਣ ਗਰਮੀ ਨੇ ਬੇਹਾਲ ਕਰ ਕੇ ਰਖਿਆ ਹੋਇਆ ਹੈ | ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ (ਬਠਿੰਡਾ) ਦਰਜ ਕੀਤਾ ਗਿਆ ਜਦਕਿ ਘਟੋ-ਘੱਟ ਤਾਪਮਾਨ 19.2 ਡਿਗਰੀ ਸੈਲਸੀਅਸ (ਬਠਿੰਡਾ) ਰਿਕਾਰਡ ਕੀਤਾ ਗਿਆ | ਕੁੱਝ ਦਿਨ ਪਹਿਲਾਂ ਜਿਹੜੇ ਲੋਕ ਸਰਦੀਆਂ ਵਾਲੇ ਕਪੜੇ ਪਾ ਕੇ ਘੁੰਮ ਰਹੇ ਸਨ, ਉਹ ਹੁਣ ਤੋਂ ਹੀ ਪੱਖਿਆਂ ਤੇ ਏ.ਸੀ ਦਾ ਸਹਾਰਾ ਲੈਣ ਲੱਗ ਪਏ ਹਨ ਅਤੇ ਬਾਰਸ਼ ਦੀ ਉਡੀਕ ਕਰਨ ਲੱਗ ਪਏ ਹਨ |
ਮੌਸਮ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਗਰਮੀ ਮਾਰਚ ਮਹੀਨੇ ਵਿਚ ਹੀ ਅਪਣੇ ਪੂਰੇ ਰੰਗ ਵਿਖਾਵੇਗੀ ਅਤੇ ਇਸ ਸੀਜ਼ਨ ਵਿਚ ਗਰਮੀ ਕਈ ਰਿਕਾਰਡ ਤੋੜੇਗੀ |
ਦੂਜੇ ਪਾਸੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ (ਨਾਰਨੌਲ) ਦਰਜ ਕੀਤਾ ਗਿਆ, ਜਦਕਿ ਘਟੋ ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ (ਕਰਨਾਲ) ਰਿਕਾਰਡ ਕੀਤਾ ਗਿਆ | 38 ਡਿਗਰੀ ਨਾਲ ਹਰਿਆਣਾ 'ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ | ਬੁਰੀ ਖ਼ਬਰ ਇਹ ਹੈ ਕਿ ਅਗਲੇ ਇਕ ਹਫ਼ਤੇ ਤਕ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਇਕ ਹਫ਼ਤੇ ਤਕ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ 'ਚ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਫ਼ਿਲਹਾਲ ਮੌਸਮ ਵਿਭਾਗ ਨੇ ਮੀਂਹ ਦੀ ਕੋਈ ਸੰਭਾਵਨਾ ਨਹੀਂ
ਪ੍ਰਗਟਾਈ ਹੈ |