
ਚੱਢਾ ਦੇ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਤੇ ਅਦਾਰਿਆਂ ਵਿਚ ਦਾਖ਼ਲ ਹੋਣ ’ਤੇ ਰੋਕ
ਅੰਮਿ੍ਰਤਸਰ, 19 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਕਾਰਜ ਸਾਧਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ. ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਤ ਕੀਤੀ ਗਈ ਜਿਸ ਵਿਚ ਸਮੂਹ ਮੈਂਬਰ ਸਾਹਿਬਾਨ ਨੇ ਸ.ਚਰਨਜੀਤ ਸਿੰਘ ਚੱਢਾ ਵਲੋਂ ਮਿਤੀ 16-4- 2021 ਨੂੰ ਧੱਕੇ ਨਾਲ ਦਫ਼ਤਰ ਚੀਫ਼ ਖ਼ਾਲਸਾ ਦੀਵਾਨ ਵਿਚ ਦਾਖ਼ਲ ਹੋਣ ਸਬੰਧੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਇਕੱਤਰਤਾ ਵਿਚ ਦੀਵਾਨ ਅਹੁਦੇਦਾਰਾਂ ਵਲੋਂ ਇਕਮਤ ਹੋ ਕੇ ਵਿਚਾਰ ਰੱਖੇ ਗਏ ਕਿ ਸ. ਚੱਢਾ ਵਲੋਂ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੇ ਅਹੁਦੇ ’ਤੇ ਰਹਿੰਦਿਆਂ ਇਕ ਮਹਿਲਾ ਪਿ੍ਰੰਸੀਪਲ ਨਾਲ ਕੀਤੀ ਗਈ ਅਸ਼ਲੀਲ ਹਰਕਤ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਉ ਸਿੱਖ ਜਗਤ ਲਈ ਬਹੁਤ ਹੀ ਨਮੋਸ਼ੀਜਨਕ ਘਟਨਾ ਹੈ ਜਿਸ ਨੇ ਖ਼ਾਲਸਾ ਪੰਥ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਦੀ 100 ਸਾਲ ਦੀ ਸੱਚੀਸੁੱਚੀ ਛਵੀ ਨੂੰ ਕਲੰਕਿਤ ਕੀਤਾ ਹੈ। ਸੋ ਚੀਫ਼ ਖ਼ਾਲਸਾ ਦੀਵਾਨ ਵਲੋਂ ਚੱਢਾ ਦੀ ਮੁਢਲੀ ਮੈਂਬਰਸ਼ਿਪ ਚਰਿੱਤਰਹੀਣ ਹੋਣ ਕਰ ਕੇ ਹੀ ਫ਼ਰਵਰੀ, 2018 ਵਿਚ ਰੱਦ ਕੀਤੀ ਜਾ ਚੁੱਕੀ ਹੈ। ਉਸ ਵਲੋਂ ਕੀਤੀ ਗਈ ਬੱਜਰ ਕੁਰਹਿਤ ਕਾਰਨ ਉਹ ਮਾਫ਼ੀ ਦੇ ਕਾਬਲ ਨਹੀਂ ਹਨ। ਚੀਫ਼ ਖ਼ਾਲਸਾ ਦੀਵਾਨ ਕਾਰਜ ਸਾਧਕ ਕਮੇਟੀ ਵਲੋਂ ਇਕਮਤ ਹੋਏ ਫ਼ੈਸਲੇ ਅਨੁਸਾਰ ਉਹ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਅਤੇ ਚੀਫ਼ ਖ਼ਾਲਸਾ ਦੀਵਾਨ ਅਧੀਨ ਕਿਸੇ ਵੀ ਅਦਾਰੇ ਵਿਚ ਦਾਖ਼ਲ ਨਹੀ ਹੋ ਸਕਦੇ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ.ਨਿਰਮਲ ਸਿੰਘ, ਸੀ.ਕੇ.ਡੀ.ਸਕੂਲਜ ਚੇਅਰਮੈਨ ਸ.ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਸ. ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਸ. ਅਮਰਜੀਤ ਸਿੰਘ ਬਾਂਗਾ, ਸਥਾਨਕ ਪ੍ਰਧਾਨ ਸ. ਹਰਮਿੰਦਰ ਸਿੰਘ, ਸ. ਚਰਨਜੀਤ ਸਿੰਘ ਤਰਨਤਾਰਨ, ਡਾ. ਜਸਵਿੰਦਰ ਸਿੰਘ ਢਿੱਲੋਂ ਆਦਿ ਮੌਜੂਦ ਸੀ।