
ਪੰਥਕ ਆਗੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲ ਕੀਤਾ ਰੋਸ ਮਾਰਚ
ਪੰਥਕ ਆਗੂ ਹਿਰਾਸਤ ਵਿਚ ਲਏ, ਬਾਅਦ 'ਚ ਕੀਤੇ ਰਿਹਾਅ
ਚੰਡੀਗੜ੍ਹ, 19 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੀਪੋਰਟ ਹਾਈ ਕੋਰਟ ਵਲੋਂ ਰੱਦ ਕਰਨ ਕਾਰਨ ਨਮੋਸ਼ੀ 'ਚ ਆਏ ਪੰਥਕ ਦਲਾਂ ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂਆਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕਰੋਟ ਵਲ ਰੋਸ ਮਾਰਚ ਕਢਿਆ ਗਿਆ | ਪੰਥਕ ਆਗੂ ਹਾਈ ਕੋਰਟ ਵਿਖੇ ਧਰਨਾ ਦੇਣ ਜਾ ਰਹੇ ਸੀ ਪਰ ਉਨ੍ਹਾਂ ਨੂੰ ਰਾਹ 'ਚ ਹੀ ਬੈਰੀਕੇਡਿੰਗ ਕਰ ਕੇ ਰੋਕ ਕੇ ਹਿਰਾਸਤ 'ਚ ਲੈ ਲਿਆ ਗਿਆ ਅਤੇ ਕੁੱਝ ਦੇਰ ਬਾਅਦ ਰਿਹਾਅ ਕਰ ਦਿਤਾ ਗਿਆ |
ਸਿੱਖ ਆਗੂ ਮੁੱਲਾਂਪੁਰ ਬੈਰੀਅਰ ਤੋਂ ਹਾਈ ਕੋਰਟ ਵਲ ਚੱਲਣ ਲੱਗੇ ਸੀ ਪਰ ਚੰਡੀਗੜ੍ਹ ਪੁਲਿਸ ਵਲੋਂ ਉਥੇ ਬੈਰੀਕੇਡਿੰਗ ਕਰ ਦਿਤੀ ਗਈ ਜਿਸ ਕਾਰਨ ਉਹ ਬੈਰੀਕੇਡ ਲਾਗੇ ਹੀ ਧਰਨੇ 'ਤੇ ਬੈਠ ਗਏ ਅਤੇ ਕੈਪਟਨ ਸਰਕਾਰ, ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਬਾਦਲ ਪਰਵਾਰ ਵਿਰੁਧ ਨਾਹਰੇਬਾਜ਼ੀ ਕਰਨ ਲੱਗ ਪਏ |
ਪੰਥਕ ਧਿਰਾਂ ਕੋਟਕਪੂਰਾ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਕਰ ਰਹੀਆਂ ਹਨ | ਪੰਥਕ ਆਗੂਆਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ 'ਤੇ ਕੈਪਟਨ ਸਰਕਾਰ ਦੀ ਨਿਖੇਧੀ ਵੀ ਕੀਤੀ | ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਨਰਲimage ਸਕੱਤਰ ਜਸਕਰਣ ਸਿੰਘ ਕਾਹਨਸਿੰਘ ਵਾਲਾ ਨੇ ਕਿਹਾ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਬਰਗਾੜੀ ਕੇਸ ਤੇ ਕੋਟਕਪੂਰਾ ਗੋਲੀਕਾਂਡ ਕੇਸ ਲੜਨ 'ਚ ਅਸਫ਼ਲ ਰਹੇ ਹਨ ਜਿਸ ਕਾਰਨ ਗੋਲੀਕਾਂਡ ਦੀ ਜਾਂਚ ਹਾਈ ਕੋਰਟ ਵਲੋਂ ਲਾਂਮੇ ਕਰ ਦਿਤੀ ਗਈ, ਜਦੋਂਕਿ ਸੁਰੇਸ਼ ਕੁਮਾਰ ਦੇ ਕੇਸ ਦੀ ਪੈਰਵੀਂ ਲਈ ਪੰਜਾਬ ਸਰਕਾਰ ਨੇ ਮਹਿੰਗੇ ਵਕੀਲ ਕੀਤੇ | ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਹੀ ਜਾਂਚ ਕੀਤੀ ਸੀ ਪਰ ਸਰਕਾਰ ਨਹੀਂ ਸੀ ਚਾਹੁੰਦੀ ਕਿ ਸੱਚ ਸਾਹਮਣੇ ਆਵੇ ਤੇ ਇਸੇ ਲਈ ਇਸ ਪੁਲਿਸ ਅਫ਼ਸਰ ਦਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਗਿਆ |