
ਦੁੱਧ ਦੇਣ ਦੀ ਸਮਰੱਥਾ ਕਰ ਕੇ ਪ੍ਰਸਿੱਧ ਹਨ ਮੁੱਰਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ
ਚੰਡੀਗੜ੍ਹ: ਸੂਬੇ ਵਿਚ ਮੱਝਾਂ ਦੇ ਨਸਲ ਸੁਧਾਰ ਵਿਚ ਆਈ ਖੜ੍ਹੋਤ ਨੂੰ ਤੋੜਨ ਲਈ ਮਿਲਕਫੈੱਡ ਵੱਲੋਂ ਸੂਬੇ ਦੇ ਸਾਰੇ ਮਸਨੂਈ ਗਰਭਦਾਨ ਕੇਂਦਰਾਂ ਵਿਚ ਮਿਆਰੀ ਸੀਮਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੁੱਧ ਉਤਪਾਦਨ ਵਿਚ ਮੋਹਰੀ ਸੂਬਾ ਹੈ। ਇੱਥੋਂ ਦੀਆਂ ਮੁੱਰਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੁੱਧ ਦੇਣ ਦੀ ਸਮਰੱਥਾ ਕਰਕੇ ਦੁਨੀਆ ਭਰ ਵਿਚ ਜਾਣੀਆਂ ਜਾਂਦੀਆਂ ਹਨ।
Sukhjinder Singh Randhawa
ਮੁਲਕ ਦੇ ਦੂਜੇ ਸੂਬਿਆਂ ਨੂੰ ਵੀ ਪੰਜਾਬ ਵਧੀਆ ਨਸਲ ਦੀਆਂ ਮੱਝਾਂ ਮੁਹੱਈਆ ਕਰਦਾ ਆ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉੱਚ ਕੋਟੀ ਦੇ ਪਰਖੇ ਝੋਟਿਆਂ ਦਾ ਸੀਮਨ ਉਪਲਬਧ ਨਾ ਹੋਣ ਕਰਕੇ ਮੱਝਾਂ ਦੇ ਨਸਲ ਸੁਧਾਰ ਦੇ ਖੇਤਰ ਵਿੱਚ ਬਹੁਤੀ ਤਰੱਕੀ ਨਹੀਂ ਹੋਈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸੇ ਖੜ੍ਹੋਤ ਨੂੰ ਤੋੜਨ ਵਾਸਤੇ ਮਿਲਕਫੈਡ ਨੇ 6500 ਲੀਟਰ ਪ੍ਰਤੀ ਸੂਆ ਤੋਂ ਵੱਧ ਤੋਂ ਦੁੱਧ ਦੇਣ ਵਾਲੀਆਂ ਮੱਝਾਂ ਤੋਂ ਪੈਦਾ ਕੀਤੇ ਝੋਟਿਆਂ ਦਾ ਸੀਮਨ ਮਿਲਕਫੈਡ ਦੇ ਸਾਰੇ ਬਨਾਉਟੀ ਗਰਭਦਾਨ ਕੇਂਦਰਾਂ 'ਤੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਸਲ ਸੁਧਾਰ ਹੀ ਡੇਅਰੀ ਸਫਲਤਾ ਦਾ ਆਧਾਰ ਹੈ।
Sukhjinder Singh Randhawa
ਘਟੀਆ ਨਸਲ ਦੇ ਪਸੂ ਰੱਖ ਕੇ ਕਿਸੇ ਵੀ ਹਾਲਤ ਵਿੱਚ ਡੇਅਰੀ ਧੰਦੇ ਨੂੰ ਲਾਹੇਵੰਦ ਧੰਦਾ ਨਹੀਂ ਬਣਾਇਆ ਜਾ ਸਕਦਾ। ਮੱਝ ਪੰਜਾਬ ਦਾ ਆਪਣਾ ਪਸ਼ੂ ਹੈ, ਇਥੋਂ ਦਾ ਵਾਤਾਵਰਣ ਮੱਝਾਂ ਲਈ ਅਨੁਕੂਲ ਹੈ। ਇਸੇ ਲਈ ਮਿਲਕਫੈਡ ਨੇ ਤਹੱਈਆ ਕੀਤਾ ਹੈ ਕਿ ਉਹ ਮੱਝਾਂ ਦੀ ਵਧੀਆ ਨਸਲ ਪੈਦਾ ਕਰਨ ਲਈ ਹਰ ਸੰਭਵ ਯਤਨ ਕਰੇਗਾ।
Sukhjinder Randhawa
ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵੱਲੋਂ ਦੁਧਾਰੂ ਪਸ਼ੂਆਂ ਦੀ ਹਰ ਨਸਲ, ਉਮਰ ਅਤੇ ਦੁੱਧ ਦੇਣ ਦੀ ਸਮਰੱਥਾ ਦੇ ਅਨੁਸਾਰ ਉੱਤਮ ਕੁਆਲਿਟੀ ਦੀ ਵੇਰਕਾ ਪਸ਼ੂ ਖੁਰਾਕ ਦੀਆਂ ਵੱਖ-ਵੱਖ ਕਿਸਮਾਂ ਦੁੱਧ ਸਭਾਵਾਂ ਅਤੇ ਖੁੱਲ੍ਹੀ ਮੰਡੀ ਵਿਚ ਉਪਲੱਬਧ ਕਰਵਾਈਆਂ ਗਈਆਂ ਹਨ। ਵੇਰਕਾ ਦੀ ਪਸ਼ੂ ਖੁਰਾਕ ਪਾਉਣ ਨਾਲ ਦੁਧਾਰੂ ਪਸ਼ੂ ਜਲਦੀ ਜਵਾਨ ਹੋ ਕੇ ਦੁੱਧ ਦੇਣ ਲਗਦਾ ਹੈ ਅਤੇ ਦੋ ਸੂਇਆਂ ਵਿੱਚ ਅੰਤਰ ਵੀ ਘਟਦਾ ਹੈ। ਹਰ ਤਰ੍ਹਾਂ ਦੀਆਂ ਲੋੜੀਂਦੀਆਂ ਧਾਤਾਂ ਅਤੇ ਵਿਟਾਮਿਨ ਯੁਕਤ ਵੇਰਕਾ ਪਸ਼ੂ ਖੁਰਾਕ ਦੇਣ ਨਾਲ ਪਸ਼ੂ ਲੰਮਾ ਸਮਾਂ ਦੁੱਧ ਦਿੰਦਾ ਹੈ। ਲਾਗਤ ਖਰਚੇ ਘਟਾਉਣ ਅਤੇ ਵਧੇਰੇ ਦੁੱਧ ਪੈਦਾ ਕਰਨ ਅਤੇ ਪਸ਼ੂ ਤੋਂ ਹਰ ਸਾਲ ਇਕ ਬੱਚਾ ਲੈਣ ਲਈ ਦੁੱਧ ਉਤਪਾਦਕਾਂ ਨੂੰ ਵੇਰਕਾ ਪਸ਼ੂ ਖੁਰਾਕ ਵਰਤਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਵੇਰਕਾ ਦੀ 'ਬਫ ਸਪੈਸ਼ਲ' ਪਸ਼ੂ ਖੁਰਾਕ ਮੱਝਾਂ ਦੇ ਡੇਅਰੀ ਫਾਰਮਰਾਂ ਵਲੋਂ ਸਲਾਹੀ ਜਾ ਰਹੀ ਹੈ।