
ਅੱਜ ਸਵੇਰੇ ਤੜਕੇ ਸਵੇਰੇ 2.30 ਵਜੇ ਦੇ ਲਗਪਗ ਇਥੋਂ 6 ਕਿਲੋਮੀਟਰ ਦੂਰ ਬਰਨਾਲਾ-ਬਠਿੰਡਾ ਮੁੱਖ ਮਾਰਗ...
ਤਪਾ ਮੰਡੀ: ਅੱਜ ਸਵੇਰੇ ਤੜਕੇ ਸਵੇਰੇ 2.30 ਵਜੇ ਦੇ ਲਗਪਗ ਇਥੋਂ 6 ਕਿਲੋਮੀਟਰ ਦੂਰ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਘੁੰਨਸ ਨੇੜੇ ਘੜਸ਼ਾਨਾ (ਰਾਜਸਥਾਨ) ਤੋਂ ਚੰਡੀਗੜ੍ਹ ਜਾ ਰਹੀ ਰਾਜਸਥਾਨ ਦੀ ਪ੍ਰਾਈਵੇਟ AC ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 4 ਦਰਜਨ ਦੇ ਲਗਪਗ ਲੋਕ ਵਾਲ-ਵਾਲ ਬਚ ਗਏ ਪਰ ਬੱਸ ਸੜ ਕੇ ਸੁਆਹ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਬੱਸ ਚ ਸਫ਼ਰ ਕਰ ਰਹੇ ਇੰਦਰਜੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੀ ਸੀਟ ਉਤੇ ਬੈਠਾ ਸੀ ਅਤੇ ਬੱਸ ਘੜਸ਼ਾਨਾ (ਰਾਜਸਥਾਨ) ਤੋਂ ਚੰਡੀਗੜ੍ਹ ਵਾਇਆ ਲੁਧਿਆਣਾ ਜਾ ਰਹੀ ਸੀ ਜਦ ਬੱਸ ਪਿੰਡ ਘੁੰਨਸ ਨੇੜੇ ਪੁੱਜੀ ਤਾਂ ਤਾਰ ਚੋਂ ਸਪਾਰਕਿੰਗ ਨਿਕਦੀ ਦੇਖੀ, ਜਿਸ ਦੀ ਸੂਚਨਾ ਉਸ ਨੇ ਤੁਰੰਤ ਬੱਸ ਡਰਾਇਵਰ ਨੂੰ ਦਿੱਤੀ ਅਤੇ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ। ਸਵਾਰੀਆਂ ਅਪਣਾ ਸਮਾਨ ਛੱਡ ਕੇ ਜਿਵੇਂ ਹੀ ਹੇਠਾਂ ਉਤਰੀਆਂ, ਦੇਖਦੇ ਹੀ ਦੇਖਦੇ ਬੱਸ ਨੂੰ ਅੱਗ ਲੱਗ ਗਈ ਅਤੇ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਘਟਨਾ ਦਾ ਪਤਾ ਚੱਲਦੇ ਹੀ ਥਾਣਾ ਮੁਖੀ ਤਪਾ ਇੰਸਪੈਕਟਰ ਜਾਨਪਾਲ ਸਿੰਘ ਸਿੰਘ ਨੇ ਹੰਝਰਾਂ, ਥਾਣਾ ਮੁਖੀ ਰੁੜੇਕੇ ਗਮਦੂਰ ਸਿੰਘ ਰੰਧਾਵਾ, ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਤੋਂ ਇਲਾਵਾ ਪਿੰਡ ਘੁੰਨਸ ਤੋਂ ਸਮਾਜ ਸੇਵੀ ਕਲੱਬ ਦੇ ਅਧਿਕਾਰੀ ਫ਼ਾਇਰ ਬ੍ਰਿਗੇਡ ਸਮੇਤ ਮੌਕੇ ‘ਤਾ ਪੁੱਜ ਗਏ। ਫਿਲਹਾਲ ਬੱਸ ਦਾ ਕੰਡਕਟਰ ਅਤੇ ਡਰਾਇਵਰ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਹਨ ਅਤੇ ਬੱਸ ਵਿਚ ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦਾ ਹੋਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਹ ਰਾਜਸਥਾਨ ਦੀ ਪ੍ਰਾਈਵੇਟ ਬੱਸ ਬਿਨ੍ਹਾਂ ਪਰਮਿਟ ਤੋਂ ਚੱਲਦੀ ਸੀ ਜਿਸ ਦੀ ਪੁਲਿਸ ਨੂੰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।