
ਪੰਜਾਬ ਦਾ ਜੰਗਲ ਵਿਭਾਗ ਜੰਗਲਾਂ ਅਤੇ ਜੰਗਲੀ ਖੇਤਰਾਂ ਦੀ ਰਾਖੀ ਲਈ ਅਪਣੇ ਕਰਮਚਾਰੀਆਂ ਨੂੰ ਹਥਿਆਰਬੰਦ ਕਰੇਗਾ
ਚੰਡੀਗੜ , 20 ਜੂਨ : ਪੰਜਾਬ ਦਾ ਜੰਗਲ ਵਿਭਾਗ ਜੰਗਲਾਂ ਅਤੇ ਜੰਗਲੀ ਖੇਤਰਾਂ ਦੀ ਰਾਖੀ ਲਈ ਅਪਣੇ ਕਰਮਚਾਰੀਆਂ ਨੂੰ ਹਥਿਆਰਬੰਦ ਕਰੇਗਾ । ਛੇਤੀ ਹੀ ਇਸ ਸੰਬੰਧ ਵਿਚ ਨਵੀਂ ਨੀਤੀ ਤਿਆਰ ਕਰਕੇ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਭੇਜੀ ਜਾਵੇਗੀ । ਪੰਜਾਬ ਦੇ ਵਨ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਬੁੱਧਵਾਰ ਨੂੰ ਕਿਹਾ ਕਿ ਰੇਤ ਅਤੇ ਲੱਕੜੀ ਮਾਫੀਆ ਵਲੋਂ ਜੰਗਲਾਤ ਕਰਮਚਾਰੀਆਂ 'ਤੇ ਕੀਤੇ ਗਏ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਭਵਿੱਖ ਵਿਚ ਮਹਿਕਮਾਨਾ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾਵੇਗਾ ।
ਉਨ੍ਹਾਂ ਨੇ ਜੰਗਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਵੀਂ ਨੀਤੀ ਛੇਤੀ ਤਿਆਰ ਕਰਨ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਜੰਗਲਾਂ ਅਤੇ ਜੰਗਲੀ ਖੇਤਰਾਂ ਦੇ ਨਾਲ-ਨਾਲ ਵਿਭਾਗ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਸਾਰੇ ਜਰੂਰੀ ਕਦਮ ਚੁੱਕੇ ਜਾ ਰਹੇ ਹਨ । ਧਰਮਸੋਤ ਨੇ ਕਿਹਾ ਕਿ ਪਿੰਡ ਸਿਊਕ ਘਟਨਾ ਵਿਚ ਗੰਭੀਰ ਰੂਪ ਨਾਲ ਜਖ਼ਮੀਆਂ ਨੂੰ 50-50 ਹਜਾਰ ਰੁਪਏ ਅਤੇ ਮਾਮੂਲੀ ਰੂਪ ਨਾਲ ਜਖ਼ਮੀਆਂ ਨੂੰ 21-21 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿਤੀ ਜਾਵੇਗੀ ਅਤੇ ਜਖ਼ਮੀਆਂ ਦਾ ਇਲਾਜ ਵੀ ਸਰਕਾਰੀ ਖਰਚ ਉੱਤੇ ਕਰਾਇਆ ਜਾਵੇਗਾ ।
ਉਨ੍ਹਾਂ ਕਿਹਾ ਕਿ ਜੰਗਲ ਖੇਤਰ ਦੀ ਚੌਕੀਦਾਰੀ ਲਈ ਪੂਰੀ ਤਾਕਤ ਲਗਾਉਣ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਦੋ-ਦੋ ਇਨਕਰੀਮੇਂਟ ਦਿਤੇ ਜਾਣਗੇ ਅਤੇ ਵਿਭਾਗ ਦੇ ਵਲੋਂ ਬਹਾਦਰੀ ਇਨਾਮ ਵੀ ਦਿਤੇ ਜਾਣਗੇ । ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਦਵਿੰਦਰ ਸਿੰਘ, ਜੰਗਲਾਤ ਗਾਰਡ ਰਵਿੰਦਰ ਸਿੰਘ, ਬੇਲਦਾਰ ਕਰਨੈਲ ਸਿੰਘ, ਬੇਲਦਾਰ ਰਾਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਵਲੋਂ ਜ਼ਿਲਾ ਐਸ.ਏ.ਐਸ. ਨਗਰ ਦੇ ਪਿੰਡ ਸਿਊਕ-ਸ਼ਿੰਗਾਰੀਵਾਲਾ ਮਾਰਗ 'ਤੇ 19 ਜੂਨ 2018 ਨੂੰ ਦੇਰ ਰਾਤ ਲਗਾਏ ਨਾਕੇ ਦੌਰਾਨ ਕੁੱਝ ਆਦਮੀਆਂ ਨੇ ਹਮਲਾ ਕਰ ਦਿਤਾ ਸੀ।
ਇਸ ਸੰਬੰਧ ਵਿਚ ਥਾਨਾ ਮੁੱਲਾਂਪੁਰ ਗਰੀਬਦਾਸ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਜੰਗਲਾਤ ਗਾਰਡ ਦੇ ਬਿਆਨਾਂ ਦੇ ਆਧਾਰ 'ਤੇ ਸਤਪ੍ਰੀਤ ਸਿੰਘ ਉਰਫ ਸੱਤੀ, ਸਤਵਿੰਦਰ ਸਿੰਘ, ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਵਾਰਦਾਤ ਦੌਰਾਨ ਇਸਤੇਮਾਲ ਕੀਤੀ ਗਈ ਟਰੈਕਟਰ-ਟ੍ਰਾਲੀ ਅਤੇ ਕਾਰ ਵੀ ਬਰਾਮਦ ਹੋ ਚੁੱਕੀ ਹੈ ।
ਉਨ੍ਹਾਂ ਦੱਸਿਆ ਕਿ ਬਲਾਕ ਅਫਸਰ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਗੰਭੀਰ ਜਖਮੀ ਹਾਲਤ ਵਿੱਚ ਪੀਜੀਆਈ, ਚੰਡੀਗੜ ਵਿਚ ਇਲਾਜ ਅਧੀਨ ਹਨ | ਧਰਮਸੋਤ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਰੇਤ ਅਤੇ ਲੱਕੜੀ ਮਾਫੀਆ ਦੇ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ ।