
ਕੋਵਿਡ ਦੀ ਤੀਜੀ ਲਹਿਰ ਨੂੰ ਠੱਲ੍ਹਣ ਲਈ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਂਦੀ ਜਾਵੇ : ਮੁੱਖ ਸਕੱਤਰ
ਚੰਡੀਗੜ੍ਹ, 19 ਜੂਨ (ਭੁੱਲਰ) : ਕੋਵਿਡ ਮਹਾਂਮਾਰੀ ਵਿਰੁਧ ਲੜਾਈ ਜਿੱਤਣ ਅਤੇ ਵਾਇਰਸ ਦੀ ਅਤਿ-ਸੰਭਾਵਤ ਤੀਜੀ ਲਹਿਰ ਦੀ ਰੋਕਥਾਮ ਲਈ ਸ਼ਨਿਚਰਵਾਰ ਨੂੰ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ 18 ਸਾਲਾਂ ਤੋਂ ਵੱਧ ਉਮਰ ਵਰਗ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਜਾਵੇ ਅਤੇ ਰਾਜ ਵਿਚ ਵੱਧ ਇਨਫ਼ਕਸ਼ਨ ਫੈਲਾਉਣ ਦੀ ਸੰਭਾਵਨਾ ਵਾਲੇ, ਕਮਜੋਰ ਅਤੇ ਸਹਿ-ਰੋਗਾਂ ਵਾਲੇ ਵਿਅਕਤੀਆਂ ਨੂੰ ਤਰਜੀਹੀ ਅਧਾਰ 'ਤੇ ਟੀਕਾ ਲਗਾਇਆ ਜਾਵੇ |
ਸੂਬੇ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਉਂਦੇ ਦਿਨਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਲਈ ਸੁਖਾਲੀ ਤੇ ਪ੍ਰਭਾਵੀ ਰਣਨੀਤੀਆਂ ਦੀ ਯੋਜਨਾ ਤਿਆਰ ਕਰਨ ਲਈ ਅਧਿਕਾਰਤ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜਾਂ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਉਨ੍ਹਾਂ ਦੇ ਕਿੱਤੇ ਅਤੇ ਇਨਫ਼ੈਕਸ਼ਨ ਫੈਲਾਉਣ ਵਾਲੇ ਅਤੇ ਕਮਜੋਰ ਵਿਅਕਤੀਆਂ ਨੂੰ ਪਹਿਲ ਦੇ ਅਧਾਰ 'ਤੇ ਮੁਫਤ ਟੀਕਾਕਰਨ ਦੀ ਆਗਿਆ ਦੇ ਦਿਤੀ ਹੈ |
ਜ਼ਿਲ੍ਹਾ ਪ੍ਰਸ਼ਾਸਨਕ ਮੁਖੀਆਂ ਨੂੰ ਆਪੋ-ਅਪਣੇ ਜ਼ਿਲਿ੍ਹਆਂ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ 'ਤੇ ਪੂਰਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਮੁੱਖ ਸਕੱਤਰ ਨੇ ਉਨ੍ਹਾਂ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ, ਨਿਆਂਇਕ ਅਮਲੇ, ਵਕੀਲਾਂ, ਸਬਜ਼ੀ ਵਿਕਰੇਤਾਵਾਂ, ਨਿਰਮਾਣ ਕਰਮਚਾਰੀ, ਨਿਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀਆਂ ਸਮੇਤ ਕਮਜੋਰ ਵਿਅਕਤੀਆਂ ਲਈ ਤੁਰੰਤ ਵਾਰਡ-ਵਾਰ ਟੀਕਾਕਰਨ ਕੈਂਪ ਲਾਉਣ ਦੀ ਯੋਜਨਾ ਬਣਾਉਣ ਲਈ ਕਿਹਾ |
ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਹੁਸਨ ਲਾਲ ਨੂੰ ਕੇਂਦਰ ਤੋਂ ਟੀਕਾਕਰਨ ਦੀਆਂ ਹੋਰ ਵਧੇਰੇ ਖੁਰਾਕਾਂ ਖਰੀਦਣ ਦੀ ਹਦਾਇਤ ਕਰਦਿਆਂ ਸ੍ਰੀਮਤੀ ਮਹਾਜਨ ਨੇ ਡੀਸੀਜ਼ ਅਤੇ ਫ਼ੀਲਡ ਦੇ ਸਿਹਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿਤੇ ਕਿ ਉਹ ਕੈਂਪਾਂ ਦੌਰਾਨ ਵੈਕਸੀਨ ਦੀ ਘੱਟ ਤੋਂ ਘੱਟ ਬਰਬਾਦੀ ਨੂੰ ਯਕੀਨੀ ਬਣਾਉਣ | ਜ਼ਿਲਿ੍ਹਆਂ ਵਿਚ ਟੀਕੇ ਦੀ ਸਪਲਾਈ ਲਈ ਮੰਗ ਅਧਾਰਤ ਨੀਤੀ ਉਤੇ ਧਿਆਨ ਕੇਂਦ੍ਰਤ ਕਰਦਿਆਂ ਮੁੱਖ ਸਕੱਤਰ ਨੇ ਭਰੋਸਾ ਦਿਤਾ ਕਿ ਖਪਤ ਦੇ ਅਧਾਰ 'ਤੇ ਟੀਕੇ ਦੀ ਖੁਰਾਕ ਦੀ ਲੋੜੀਂਦੀ ਮਾਤਰਾ 'ਚ ਉਪਲਬਧ ਕਰਵਾਈ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਸਾਰੇ ਫ਼ੀਲਡ ਸਟਾਫ਼ ਨੂੰ ਭਾਰਤ ਸਰਕਾਰ ਤੋਂ ਵਾਧੂ ਸਪਲਾਈ ਖਰੀਦਣ ਦੀ ਸਹੂਲਤ ਲਈ ਰੋਜ਼ਾਨਾ ਕੋਵਿਨ ਮੋਬਾਈਲ ਐਪਲੀਕੇਸ਼ਨ 'ਤੇ ਟੀਕਾਕਰਨ ਸਬੰਧੀ ਡੇਟਾ ਅਪਲੋਡ ਕਰਨ ਲਈ ਵੀ ਕਿਹਾ |
ਰਾਜ ਵਿਚ ਟੀਕੇ ਦੀ ਉਪਲਭਧਤਾ ਨੂੰ ਅਪਡੇਟ ਕਰਦੇ ਹੋਏ ਪ੍ਰਮੁੱਖ ਸਿਹਤ ਸਕੱਤਰ ਹੁਸਨ ਲਾਲ ਨੇ ਦਸਿਆ ਕਿ ਪੰਜਾਬ ਵਿਚ ਇਸ ਸਮੇਂ ਟੀਕੇ ਦੀਆਂ ਛੇ ਲੱਖ ਤੋਂ ਵੱਧ ਖੁਰਾਕਾਂ ਉਪਲਬਧ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕੇਂਦਰ ਤੋਂ ਟੀਕੇ ਦੀਆਂ ਲਗਭਗ ਸੱਤ ਲੱਖ ਹੋਰ ਖੁਰਾਕਾਂ ਉਪਲਬਧ ਹੋ ਜਾਣਗੀਆਂ | ਉਨ੍ਹਾਂ ਦਸਿਆ ਕਿ ਰਾਜ ਵਿਚ 51,86,754 ਲਾਭਪਾਤਰੀ ਜੋ ਕੁਲ ਆਬਾਦੀ ਦਾ 17.2 ਫ਼ੀਸਦ ਹਿੱਸਾ ਹਨ, ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਹੈ ਜਦਕਿ 8,37,439 ਵਿਅਕਤੀਆਂ, ਜੋ 2.8 ਫ਼ੀਸਦ ਬਣਦੇ ਹਨ, ਨੂੰ ਹੁਣ ਤਕ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ | ਹੁਸਨ ਲਾਲ ਨੇ ਕਿਹਾ ਕਿ ਜ਼ਿਲਿ੍ਹਆਂ ਵਿਚ ਚੱਲ ਰਹੀ ਟੀਕਾਕਰਨ ਮੁਹਿੰਮ ਵਿਚ ਹੋਰ ਤੇਜੀ ਲਿਆਉਣ ਲਈ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਟੀਕੇ ਲਗਾਏ ਜਾਣ ਤਾਂ ਕੇਂਦਰ ਤੋਂ ਹੋਰ ਵੱਧ ਖੁਰਾਕਾਂ ਦੀ ਮੰਗ ਕੀਤੀ ਜਾ ਸਕੇ | ਵਿਭਾਗ ਵਲੋਂ ਜ਼ਿਲਿ੍ਹਆਂ ਵਿਚ ਪਹਿਲਾਂ ਹੀ ਕੰਮ ਕਰ ਰਹੀਆਂ 6,437 ਟੀਕਾਕਰਨ ਸਾਈਟਾਂ ਨੂੰ ਚਲਾਉਣ ਲਈ ਪ੍ਰਤੀ ਦਿਨ ਇਕ ਲੱਖ ਖੁਰਾਕ ਮੁਹਈਆ ਕਰਵਾਈ ਜਾਵੇਗੀ | ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਉਨ੍ਹਾਂ ਲੋਕਾਂ ਲਈ ਨਿਜੀ ਹਸਪਤਾਲਾਂ ਨੂੰ 25 ਪ੍ਰਤੀਸ਼ਤ ਟੀਕਾ ਅਲਾਟ ਕਰੇਗੀ ਜੋ ਟੀਕਾ ਲਗਵਾਉਣ ਦਾ ਖਰਚਾ ਝੱਲ ਸਕਦੇ ਹਨ |