
ਕਿਹਾ, ਪੰਜਾਬ ਵਿਚ ਪੰਜਾਬ ਦਾ ਚਾਂਸਲਰ ਹੀ ਲੱਗਣਾ ਚਾਹੀਦਾ ਹੈ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ/ਕਮਲਜੀਤ ਕੌਰ): ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਪਾਸ ਹੋਏ ਬਿੱਲਾਂ ਨੂੰ ਜੇਕਰ ਰਾਜਪਾਲ ਨੇ ਮਨਜ਼ੂਰੀ ਨਾ ਦਿਤੀ ਤਾਂ ਸਰਕਾਰ ਅਦਾਲਤ ਦਾ ਰੁਖ਼ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨ ਵਿਚ ਵਿਸ਼ਵਾਸ ਰਖਦੇ ਹਾਂ ਅਤੇ ਕਾਨੂੰਨ ਮੁਤਾਬਕ ਹੀ ਕੰਮ ਕਰ ਰਹੇ ਹਾਂ। ਜੇਕਰ ਰਾਜਪਾਲ ਸਾਹਬ ਵੀ ਕਾਨੂੰਨ ਮੁਤਾਬਕ ਕੰਮ ਕਰਦੇ ਹਨ ਤਾਂ ਬਿੱਲਾਂ ਨੂੰ ਮਨਜ਼ੂਰੀ ਜਰੂਰ ਦੇਣਗੇ। ਜੇਕਰ ਉਨ੍ਹਾਂ ਨੇ ਮਨਜ਼ੂਰੀ ਨਾ ਦਿਤੀ ਤਾਂ ਸਰਕਾਰ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ।
ਇਹ ਵੀ ਪੜ੍ਹੋ: ਭਾਰਤ ਤੋਂ ਮਹਿਲਾਵਾਂ ਦੀ ਵਿਦੇਸ਼ ਵਿਚ ਤਸਕਰੀ ਦਾ ਪਰਦਾਫਾਸ਼, ਹੁਣ ਤੱਕ 23 ਮਹਿਲਾਵਾਂ ਨੂੰ ਕੀਤਾ ਗਿਆ ਰੈਸਕਿਊ
ਉਨ੍ਹਾਂ ਕਿਹਾ ਕਿ ਜਦੋਂ ਪਿਛਲੀ ਵਾਰ ਸੈਸ਼ਨ ਬੁਲਾਇਆ ਸੀ ਤਾਂ ਰਾਜਪਾਲ ਨੇ ਮਨਜ਼ੂਰੀ ਨਹੀਂ ਦਿਤੀ ਪਰ ਮਾਣਯੋਗ ਸੁਪ੍ਰੀਮ ਕੋਰਟ ਤੋਂ ਮਨਜ਼ੂਰੀ ਲੈ ਕੇ ਸੈਸ਼ਨ ਸਦਿਆ ਗਿਆ। ਪੰਜਾਬ ਯੂਨੀਵਰਸਿਟੀਜ਼ ਲਾਅ ਸੋਧ ਬਿੱਲ ਬਾਰੇ ਲਾਲਜੀਤ ਭੁੱਲਰ ਨੇ ਕਿਹਾ ਕਿ ਵਾਈਸ ਚਾਂਲਸਲਾਂ ਦੀ ਨਿਯੁਕਤੀ ਲਈ ਪੰਜਾਬ ਸਰਕਾਰ ਨੇ ਜਿਹੜੇ ਵੀ ਨਾਂਅ ਭੇਜੇ, ਰਾਜਪਾਲ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿਤੀ। ਜੇਕਰ ਪੰਜਾਬ ਵਿਚ ਪੰਜਾਬ ਦਾ ਚਾਂਸਲਰ ਲੱਗੇਗਾ ਤਾਂ ਹੀ ਸਾਡੀਆਂ ਯੂਨੀਵਰਸਿਟੀਆਂ ਵਧੀਆ ਢੰਗ ਨਾਲ ਚੱਲਣਗੀਆਂ। ਹੋਰ ਸੂਬਿਆਂ ਦੇ ਵੀ.ਸੀ. ਸਾਡੇ ਬੱਚਿਆਂ ਨੂੰ ਨਹੀਂ ਸਮਝ ਸਕਦੇ।
ਇਹ ਵੀ ਪੜ੍ਹੋ: ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਗੁਰਦੁਆਰਾ ਬਣਾਉਣ ਲਈ ਇਰਾਕ ਸਰਕਾਰ ਤੋਂ ਮੰਗੀ ਇਜਾਜ਼ਤ
ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਲੈ ਕੇ ਸਿੱਖਾਂ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਵਿਰੋਧੀ ਭਾਵੇਂ ਸਦਨ ਵਿਚੋਂ ਵਾਕਆਊਟ ਕਰ ਗਏ ਪਰ ਇਕ-ਦੋ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਮਨ ਵਿਚ ਹੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਭਾਵੇਂ ਸਦਨ ਵਿਚ ਮਤਾ ਪੇਸ਼ ਹੋਣ ਸਮੇਂ ਨਾਂਹ ਕਹਿੰਦੇ ਹਨ ਪਰ ਉਹ ਸਹਿਮਤ ਹੁੰਦੇ ਹਨ।