
ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ
ਅਬੋਹਰ: ਅਬੋਹਰ ਵਿਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ। ਇਸ ਦੇ ਚਲਦੇ ਕਈ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਵੀ ਕਰਨਾ ਪਿਆ। ਬਾਰਿਸ਼ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਡਿੱਗ ਰਹੇ ਮਕਾਨਾਂ ਦਾ ਲਗਾਤਾਰ ਸਰਵੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. ਜ਼ੀਰੋ ਵਿਚ ਬੀਤੀ ਰਾਤ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਉਨ੍ਹਾਂ ਦਾ ਕਾਫੀ ਸਾਮਾਨ ਟੁੱਟ ਗਿਆ।
ਇਸੇ ਤਰ੍ਹਾਂ ਮੁਹੱਲਾ ਅਜੀਮਗੜ੍ਹ ਵਿਚ ਅਚਾਨਕ ਨੋਹਰੇ ਦੀ ਛੱਤ ਹੇਠਾਂ ਆ ਡਿੱਗੀ। ਇਸੇ ਤਰ੍ਹਾਂ ਆਲਮਗੜ੍ਹ ਵਾਸੀ ਬਾਬੂ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਬਾਰਸ਼ ਨਾਲ ਡਿੱਗ ਗਈ, ਜਿਸ ਕਰ ਕੇ ਕਮਰੇ ਵਿਚ ਰੱਖੀ ਕਣਕ ਦੀ ਇਕ ਟੈਂਕੀ, ਹਰੇ ਘਾਹ ਦੀ ਮਸ਼ੀਨ ਅਤੇ ਹੋਰ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ। ਉਥੇ ਹੀ ਈਦਗਾਹ ਬਸਤੀ ਗਲੀ ਨੰ. 4 ਵਾਸੀ ਕਮਲ ਪੁੱਤਰ ਬਲਵੀਰ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਪਰਿਵਾਰ ਸਮੇਤ ਬਾਹਰ ਬੈਠਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ।