
ਅਬੋਹਰ ਸ਼ਹਿਰ ਵਿਚ ਪਿਛਲੇ ਕੁੱਝ ਘੰਟਿਆਂ ਦੌਰਾਨ ਤਿੰਨ ਨਾਬਾਲਗ਼ਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਹਨ..............
ਅਬੋਹਰ : ਅਬੋਹਰ ਸ਼ਹਿਰ ਵਿਚ ਪਿਛਲੇ ਕੁੱਝ ਘੰਟਿਆਂ ਦੌਰਾਨ ਤਿੰਨ ਨਾਬਾਲਗ਼ਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਹਨ। ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਇਹ ਤਿੰਨੇ ਬੱਚੀਆਂ ਦਾਖ਼ਲ ਹਨ। ਇਕ ਦੀ ਉਮਰ ਤਿੰਨ ਅਤੇ ਦੂਜੀ ਦੀ ਉਮਰ ਸੱਤ ਸਾਲ ਹੈ। ਕਿੱਕਰਖੇੜਾ ਵਾਸੀ 16 ਸਾਲਾ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਕਲ ਦੇਰ ਸ਼ਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। 'ਮੇਰਾ ਅਬੋਹਰ ਮੁਫ਼ਤ ਲੀਗਲ ਸਰਵਿਸ' ਦੇ ਮੁਖੀ ਐਡਵੋਕੇਟ ਅਮਿਤ ਅਸੀਜਾ ਬਾਵਾ ਅਤੇ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ ਅਪਣੀ ਟੀਮ ਨਾਲ ਬੱਚੀਆਂ ਦਾ ਪਤਾ ਲੈਣ ਸਰਕਾਰੀ ਹਸਪਤਾਲ ਪੁੱਜੇ ਸਨ
ਕਿ ਉਨ੍ਹਾਂ ਦੀ ਹਾਜ਼ਰੀ ਵਿਚ ਹੀ ਬਲਾਤਕਾਰ ਪੀੜਤ 16 ਸਾਲਾ ਬੱਚੀ ਨੂੰ ਉਸ ਦੇ ਪਰਵਾਰ ਵਾਲਿਆਂ ਨੇ ਸਰਕਾਰੀ ਹਸਪਤਾਲ 'ਚ ਲਿਆਂਦਾ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਪੀ ਅਮਰਜੀਤ ਸਿੰਘ ਮਟਵਾਨੀ ਨੇ ਦਸਿਆ ਕਿ ਪੁਲਿਸ ਨੇ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਬੁੱਢੇ ਗੱਟੂ ਰਾਮ ਪੁੱਤਰ ਨਿੱਕੂ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਕੁੱਝ ਸਮਾਂ ਪਹਿਲਾਂ ਬਲਾਤਕਾਰ ਦੇ ਦੋਸ਼ ਵਿਚ ਫ਼ਰਾਰ ਗੁਰਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੁੱਚੋ ਜ਼ਿਲ੍ਹਾ ਬਠਿੰਡਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਦਾ ਕਥਿਤ ਦੋਸ਼ੀ ਫ਼ਰਾਰ ਹੈ।