
ਸੀ.ਬੀ.ਆਈ ਵਲੋਂ ਜਾਂਚ ਬੰਦ ਕਰਨ ਦੀ ਰੀਪੋਰਟ ਦਾ ਮਾਮਲਾ
ਚੰਡੀਗੜ੍ਹ (ਐਸ.ਐਸ. ਬਰਾੜ): ਬਹਿਬਲ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਬੰਧੀ ਸੀ.ਬੀ.ਆਈ ਵਲੋਂ ਅਦਾਲਤ ਵਿਚ ਜਾਂਚ ਬੰਦ ਕਰਨ ਦੀ ਜੋ ਰੀਪੋਰਟ ਦਾਖ਼ਲ ਕੀਤੀ ਗਈ ਹੈ ਉਸ ਦੇ ਵਿਰੋਧ ਅਤੇ ਜਾਂਚ ਨੂੰ ਮੁੜ ਕਰਾਉਣ ਲਈ ਅਕਾਲੀ ਦਲ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਪ੍ਰੰਤੂ ਇਸ ਮਾਮਲੇ ਉਪਰ ਪੰਜਾਬ ਸਰਕਾਰ ਦੀ ਵੀ ਪੂਰੀ ਨਜ਼ਰ ਟਿਕੀ ਹੋਈ ਹੈ। ਪੰਜਾਬ ਸਰਕਾਰ ਵਲੋਂ ਗਠਨ ਕੀਤੀ ਵਿਸ਼ੇਸ਼ ਜਾਂਚ ਟੀਮ ਬਹਿਬਲ ਕਲਾਂ ਸਮੇਤ ਸਾਰੀਆਂ ਘਟਨਾਵਾਂ ਦੀ ਹੀ ਜਾਂਚ ਕਰ ਰਹੀ ਹੈ।
Shiromani Akali Dal
ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਦਿਨ ਭਾਵ 20 ਜੁਲਾਈ ਨੂੰ ਅਕਾਲੀ ਦਲ ਦੇ ਵਕੀਲਾਂ ਦੀ ਇਕ ਟੀਮ ਸੀ.ਬੀ.ਆਈ ਤੋਂ ਜਿਥੇ ਰੀਪੋਰਟ ਦੀ ਇਕ ਕਾਪੀ ਦੀ ਮੰਗ ਰਖੇਗੀ ਉਥੇ ਹੀ ਅਗਲੀ ਕਾਰਵਾਈ ਲਈ ਵੀ ਕਾਨੂੰਨੀ ਚਾਰਾਜੋਈ ਆਰੰਭ ਕਰੇਗੀ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਅਤੇ ਅਗਲੇ ਦੋ ਤਿੰਨ ਦਿਨਾਂ ਵਿਚ ਪਾਰਟੀ ਦਾ ਇਕ ਵਫ਼ਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਗ੍ਰਹਿ ਮੰਤਰੀ ਨੂੰ ਮਿਲ ਕੇ ਜਾਂਚ ਤੇਜ਼ ਕਰਨ ਅਤੇ ਜਾਰੀ ਰੱਖਣ ਦੀ ਮੰਗ ਕਰੇਗਾ।
Amit Shah With Narender Modi
ਗ੍ਰਹਿ ਮੰਤਰੀ ਤੋਂ ਇਲਾਵਾ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਵੀ ਸਮਾਂ ਮੰਗਿਆ ਗਿਆ ਹੈ। ਜੇਕਰ ਫਿਰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਅਕਾਲੀ ਦਲ ਕਾਨੂੰਨੀ ਕਮਜ਼ੋਰੀ ਦਾ ਰਸਤਾ ਅਖ਼ਤਿਆਰ ਕਰੇਗਾ। ਪਾਰਟੀ ਹਰ ਕੀਮਤ 'ਤੇ ਜਾਂਚ ਦਾ ਕੰਮ ਜਾਰੀ ਰਖਣ ਲਈ ਜ਼ੋਰ ਪਾਵੇਗੀ। ਸੀ.ਬੀ.ਆਈ ਵਲੋਂ ਪੇਸ਼ ਕੀਤੀ ਰੀਪੋਰਟ ਦਾ ਵਿਰੋਧ ਬੇਸ਼ਕ ਪੰਜਾਬ ਸਰਕਾਰ ਵਲੋਂ ਵੀ ਕੀਤਾ ਜਾ ਰਿਹਾ ਹੈ ਪ੍ਰੰਤੂ ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਮੈਂਬਰ ਕੁੰਵਰਵਿਜੇਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਸੀ.ਬੀ.ਆਈ ਵਲੋਂ ਜਾਂਚ ਬੰਦ ਕਰਨ ਦੀ ਰੀਪੋਰਟ ਦਾ ਉਨ੍ਹਾਂ ਦੀ ਜਾਂਚ ਉਪਰ ਕੋਈ ਅਸਰ ਨਹੀਂ ਪਵੇਗਾ।
Beadbi Kand
ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ ਸਿਰਫ਼ ਇਕ ਘਟਨਾ, ਬਹਿਬਲ ਕਲਾਂ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਜਦੋਂ ਕੁੰਵਰਵਿਜੇ ਪ੍ਰਤਾਪ ਸਿੰਘ ਵਾਲੀ ਜਾਂਚ ਟੀਮ ਲਗਭਗ ਸਾਰੀਆਂ ਹੀ ਅਹਿਮ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਅੱਜ ਇਥੇ ਗੱਲਬਾਤ ਕਰਦਿਆਂ ਕੁੰਵਰਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਨੇ ਜਾਂਚ ਦਾ 80 ਫ਼ੀ ਸਦੀ ਕੰਮ ਮੁਕੰਮਲ ਕਰ ਲਿਆ ਹੈ ਅਤੇ ਸਿਰਫ਼ 20 ਫ਼ੀ ਸਦੀ ਕੰਮ ਬਾਕੀ ਹੈ।