
ਡਿਪਟੀ ਕਮਿਸ਼ਨਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਦੇ ਅੱਧੀ ਰਾਤ ਤੋਂ ਤੜਕੇ 4.30 ਵਜੇ ਤਕ ਚੱਲ ਰਹੇ ਕਲੱਬਾਂ, ਡਿਸਕੋ, ਢਾਬਿਆਂ, ਰੈਸਟੋਰੈਂਟਾਂ ਨੂੰ ਬੰਦ ਰੱਖਣ............
ਜ਼ੀਰਕਪੁਰ : ਡਿਪਟੀ ਕਮਿਸ਼ਨਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਦੇ ਅੱਧੀ ਰਾਤ ਤੋਂ ਤੜਕੇ 4.30 ਵਜੇ ਤਕ ਚੱਲ ਰਹੇ ਕਲੱਬਾਂ, ਡਿਸਕੋ, ਢਾਬਿਆਂ, ਰੈਸਟੋਰੈਂਟਾਂ ਨੂੰ ਬੰਦ ਰੱਖਣ ਦੇ ਆਦੇਸ਼ਾਂ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਬੀਤੀ ਦੇਰ ਰਾਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਅਤੇ ਇਨ੍ਹਾਂ ਕਲੱਬਾਂ ਨੂੰ ਠੀਕ 12 ਵਜੇ ਬੰਦ ਕਰਵਾ ਦਿਤਾ। ਜ਼ਿਕਰਯੋਗ ਹੈ ਕਿ ਬੀਤੇ ਸਨਿਚਰਵਾਰ ਪੰਚਕੂਲਾ ਰੋਡ 'ਤੇ ਇਕ ਡਿਸਕੋ ਦੇ ਬਾਹਰ ਪੱਤਰਕਾਰ ਨਾਲ ਹੋਈ ਕੁੱਟ-ਮਾਰ ਦੀ ਘਟਨਾ ਤੋਂ ਸਬਕ ਲੈਂਦਿਆਂ ਪੁਲਿਸ ਵਲੋਂ ਚਲਾਈ ਗਈ
ਵਿਸ਼ੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਸਦਕਾ ਜਿਥੇ ਸ਼ਹਿਰ ਦੇ ਨਾਮੀ ਨਾਈਟ ਕਲੱਬਾਂ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਟੀਮਾਂ ਤਾਇਨਾਤ ਹੋਣ ਨਾਲ ਨਿਯਮਾਂ ਦੇ ਉਲਟ ਦੇਰ ਰਾਤ ਤਕ ਖੁਲ੍ਹੇ ਜ਼ਿਆਦਾਤਰ ਨਾਈਟ ਕਲੱਬ ਪੁਲਿਸ ਦੀ ਸਖ਼ਤੀ ਕਾਰਨ 12 ਵਜੇ ਬੰਦ ਵੇਖਣ ਨੂੰ ਮਿਲੇ । ਜ਼ੀਰਕਪੁਰ ਪੁਲਿਸ ਦੀ ਇਸ ਮੁਹਿੰਮ ਕਾਰਨ ਸ਼ਹਿਰ ਦੀ ਜਨਤਾ ਵਿਚ ਆਤਮ-ਵਿਸ਼ਵਾਸ ਪੈਦਾ ਹੋਇਆ ਹੈ। ਪਿਛਲੀ ਰਾਤ ਜਦੋਂ ਪੱਤਰਕਾਰਾਂ ਨੇ ਹਾਈਵੇ 'ਤੇ ਖੁਲ੍ਹੇ ਇਨ੍ਹਾਂ ਨਾਈਟ ਕਲੱਬਾਂ ਦਾ ਦੌਰਾ ਕੀਤਾ ਤਾਂ ਪੁਲਿਸ ਟੀਮਾਂ ਦੇਰ ਰਾਤ 1 ਵਜੇ ਤਕ ਲਗਾਤਾਰ ਚੈਕਿੰਗ ਕਰਦੀਆਂ ਨਜ਼ਰ ਆਈਆਂ।
ਪੁਲਿਸ ਅਧਿਕਾਰੀਆਂ ਨੇ ਕਿਹਾ ਕੀ ਨਾਈਟ ਕਲੱਬਾਂ ਨੂੰ 12 ਬਜੇ ਤੋਂ ਬਾਅਦ ਖੁਲ੍ਹੇ ਰੱਖਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਨਾਈਟ ਕਲੱਬ ਨਿਯਮਾਂ ਤੋਂ ਉਲਟ ਦੇਰ ਰਾਤ ਤਕ ਖੁਲ੍ਹੇ ਰਹਿੰਦੇ ਹਨ। ਬੀਤੇ ਸਨਿਚਰਵਾਰ ਨੂੰ ਪੱਤਰਕਾਰਾਂ ਨਾਲ ਹੋਏ ਝਗੜੇ ਦੇ ਦੋਸ਼ ਹੇਠ ਢਕੌਲੀ ਪੁਲਿਸ ਨੇ ਇਕ ਨਾਈਟ ਕਲੱਬ ਦੇ ਪ੍ਰਬੰਧਕਾਂ ਸਮੇਤ ਹੋਰਨਾਂ ਵਿਰੁਧ ਮਾਮਲਾ ਦਰਜ ਕੀਤਾ ਸੀ।