
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਰਧਾਂਜਲੀ.............
ਬਰਨਾਲਾ, ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਰਧਾਂਜਲੀ ਦੇਣ ਪੁੱਜੇ। ਸ਼ਰਧਾਂਜਲੀ ਸਮਾਗਮ ਵਿਚ ਮੁੱਖ ਮੰਤਰੀ ਨਾਲ ਕਈ 'ਆਪ' ਵਿਧਾਇਕ ਸਨ। ਉਧਰ, ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਗਏ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਅਪਣੇ ਵਿਧਾਇਕਾਂ ਤੇ ਸਮਰਥਕਾਂ ਨਾਲ ਪੰਡਾਲ ਵਿਚ ਅਲੱਗ ਹੀ ਬੈਠੇ ਸਨ। ਸੰਸਦ ਮੈਂਬਰ ਭਗਵੰਤ ਮਾਨ ਨੇ ਸਟੇਜ ਉਤੇ ਬੋਲਣ ਲਈ ਖਹਿਰਾ ਨੂੰ ਸਮਾਂ ਦਿਤਾ ਤੇ ਖਹਿਰਾ ਨੇ ਕਾਕਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਉਨ੍ਹਾਂ ਅਪਣੇ ਭਾਸ਼ਨ ਵਿਚ ਅਰਵਿੰਦ ਕੇਜਰੀਵਾਲ ਦਾ ਨਾਮ ਨਹੀਂ ਲਿਆ। ਸਮਾਗਮ ਮਗਰੋਂ ਪੱਤਰਕਾਰਾਂ ਵਲੋਂ ਪਾਰਟੀ ਵਿਚ ਚਲ ਰਹੀ ਗੁਟਬੰਦੀ ਸਬੰਧੀ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਏਨਾ ਹੀ ਕਿਹਾ ਕਿ ਸੱਭ ਕੁੱਝ ਠੀਕ ਹੋ ਜਾਵੇਗਾ। ਉਧਰ, ਖਹਿਰਾ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਦਿਤਾ ਗਿਆ। ਸਮਾਗਮ ਵਿਚ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਵਿਧਾਇਕ ਰੁਪਿੰਦਰ ਕੌਰ ਰੂਬੀ, ਵਿਧਾਇਕ ਸੁਨਾਮ ਅਮਨ ਅਰੋੜਾ ਤੋਂ ਇਲਾਵਾ ਪਾਰਟੀ ਦੇ ਹੋਰ ਵਿਧਾਇਕ ਤੇ ਵਰਕਰ ਹਾਜ਼ਰ ਸਨ।