
'ਗ਼ੈਰ-ਕੁਦਰਤੀ ਮੌਤ' ਦੀ ਸੀ.ਬੀ.ਆਈ ਜਾਂਚ ਸਹੀ : ਸੁਪਰੀਮ ਕੋਰਟ
ਸੀਬੀਆਈ ਨੂੰ ਜਾਂਚ ਸੌਂਪਣ 'ਚ ਬਿਹਾਰ ਸਰਕਾਰ ਪੂਰੀ ਤਰ੍ਹਾਂ ਸਮਰੱਥ, ਕੋਈ ਗ਼ੈਰ-ਕਾਨੂੰਨੀ ਕੰਮ ਨਹੀਂ ਕੀਤਾ
ਨਵੀਂ ਦਿੱਲੀ, 19 ਅਗੱਸਤ : ਸੁਪਰੀਮ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 'ਗ਼ੈਰ ਕੁਦਰਤੀ' ਮੌਤ ਦੇ ਸਬੰਧ ਵਿਚ ਅਦਾਕਾਰ ਰੀਆ ਚਕਰਵਰਤੀ ਵਿਰੁਧ ਦਰਜ ਪਰਚੇ ਸਬੰਧੀ ਚੱਲ ਰਹੀ ਸੀਬੀਆਈ ਜਾਂਚ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਦਰਜ ਕਿਸੇ ਵੀ ਹੋਰ ਘਟਨਾਕ੍ਰਮ ਦੀ ਜਾਂਚ ਵੀ ਇਹੋ ਏਜੰਸੀ ਕਰੇਗੀ।
ਸਿਖਰਲੀ ਅਦਾਲਤ ਨੇ ਸੀਬੀਆਈ ਦੀ ਜਾਂਚ ਨੂੰ ਪ੍ਰਮਾਣਕ ਦਸਦਿਆਂ ਕਿਹਾ ਕਿ ਸਮੇਂ ਦੀ ਮੰਗ ਮੁਤਾਬਕ ਨਿਰਪੱਖ, ਸਮਰੱਥ ਅਤੇ ਆਜ਼ਾਦ ਜਾਂਚ ਦੀ ਲੋੜ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸੀਬੀਆਈ ਨੂੰ ਜਾਂਚ ਸੌਂਪਣ ਦੀ ਸਹਿਮਤੀ ਦੇਣ ਵਿਚ ਬਿਹਾਰ ਸਰਕਾਰ ਪੂਰੀ ਤਰ੍ਹਾਂ ਸਮਰੱਥ ਸੀ। ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਸਬੰਧੀ ਉਸ ਦੇ ਹੱਕ ਅਤੇ ਵਿਰੋਧ ਵਿਚ ਚੱਲ ਰਹੀ ਰਾਜਸੀ ਬਿਆਨਬਾਜ਼ੀ 'ਤੇ ਰੋਕ ਲਾਉਂਦਿਆਂ ਅਦਾਲਤ ਨੇ ਕਿਹਾ ਕਿ ਇਸ ਅਦਾਕਾਰ ਦੇ ਪਿਤਾ ਦੀ ਸ਼ਿਕਾਇਤ 'ਤੇ ਰੀਆ ਚਕਰਵਰਤੀ ਅਤੇ ਛੇ ਹੋਰਾਂ ਵਿਰੁਧ ਪਰਚਾ ਦਰਜ ਕਰ ਕੇ ਪਟਨਾ ਪੁਲਿਸ ਨੇ ਕੋਈ ਗ਼ੈਰਕਾਨੂੰਨੀ ਕੰਮ ਨਹੀਂ ਕੀਤਾ।
ਰਾਜਪੂਤ ਦੇ ਪਿਤਾ ਨੇ ਇਨ੍ਹਾਂ ਸਾਰਿਆਂ 'ਤੇ ਉਸ ਦੇ 34 ਸਾਲਾ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ। ਰਾਜਪੂਤ 14 ਜੂਨ ਨੂੰ ਮੁੰਬਈ ਵਿਚਲੇ ਅਪਣੇ ਘਰ ਵਿਚ ਮਰਿਆ ਹੋਇਆ ਮਿਲਿਆ ਸੀ। ਜੱਜ ਰਿਸ਼ੀਕੇਸ਼ ਰਾਏ ਦੇ ਇਕਹਿਰੇ ਬੈਂਚ ਨੇ 34 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਬਿਹਾਰ ਅਤੇ ਮਹਾਰਾਸ਼ਟਰ ਦੋਵੇਂ ਹੀ ਇਕ ਦੂਜੇ 'ਤੇ ਰਾਜਸੀ ਦਖ਼ਲ ਦੇ ਦੋਸ਼ ਲਾ ਰਹੇ ਹਨ, ਅਜਿਹੀ ਹਾਲਤ ਵਿਚ ਜਾਂਚ ਦੀ ਵੈਧਤਾ ਸਵਾਲਾਂ ਵਿਚ ਘਿਰ ਗਈ ਹੈ। ਇਸ ਲਈ ਇਹ ਖ਼ਦਸ਼ਾ ਹੈ ਕਿ ਸੱਚ ਇਸ ਦਾ ਸ਼ਿਕਾਰ ਬਣ ਰਿਹਾ ਹੈ ਅਤੇ ਨਿਆਂ ਪੀੜਤ ਹੋ ਰਿਹਾ ਹੈ।
ਅਦਾਲਤ ਨੇ ਰੀਆ ਦੀ ਪਟੀਸ਼ਨ 'ਤੇ ਇਹ ਫ਼ੈਸਲਾ ਸੁਣਾਇਆ। ਰੀਆ ਨੇ ਪਟਨਾ ਵਿਚ ਉਸ ਵਿਰੁਧ ਦਰਜ ਪਰਚਾ ਮੁੰਬਈ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ। ਜੱਜ ਨੇ ਕਿਹਾ, 'ਸੀਬੀਆਈ ਦੀ ਚੱਲ ਰਹੀ ਜਾਂਚ ਨੂੰ ਮਨਜ਼ੂਰੀ ਦਿੰਦਿਆਂ ਜੇ ਸੁਸ਼ਾਂਤ ਦੀ ਮੌਤ ਅਤੇ ਉਸ ਨਾਲ ਜੁੜੀਆਂ ਹਾਲਤਾਂ ਬਾਰੇ ਕੋਈ ਹੋਰ ਮਾਮਲਾ ਦਰਜ ਹੁੰਦਾ ਹੈ
ਤਾਂ ਸੀਬੀਆਈ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਨਵੇਂ ਮਾਮਲੇ ਦੀ ਵੀ ਜਾਂਚ ਕਰੇ।' ਅਦਾਲਤ ਨੇ ਕਿਹਾ ਕਿ ਮੁੰਬਈ ਪੁਲਿਸ ਦੁਆਰਾ ਧਾਰਾ 174 ਜੋ ਗ਼ੈਰਕੁਦਰਤੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੀ ਜਾਂਚ ਬਾਰੇ ਹੈ, ਤਹਿਤ ਕੀਤੀ ਗਈ ਜਾਂਚ ਸੀਮਤ ਮਕਸਦ ਲਈ ਹੈ ਪਰ ਇਹ ਧਾਰਾ 157 ਤਹਿਤ ਅਪਰਾਧ ਦੀ ਜਾਂਚ ਨਹੀਂ। ਬਿਹਾਰ ਸਰਕਾਰ ਦਾ ਦਾਅਵਾ ਸੀ ਕਿ ਮੁੰਬਈ ਪੁਲਿਸ ਨੇ ਉਸ ਨੂੰ ਨਾ ਤਾਂ ਸੁਸ਼ਾਂਤ ਦੀ ਪੋਸਟਮਾਰਟਮ ਰੀਪੋਰਟ ਦੀ ਕਾਪੀ ਦਿਤੀ ਅਤੇ ਨਾ ਹੀ ਉਸ ਨੇ ਹੁਣ ਤਕ ਇਸ ਮਾਮਲੇ ਵਿਚ ਕੋਈ ਪਰਚਾ ਦਰਜ ਕੀਤਾ ਹੈ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਸੀ ਕਿ ਜਾਂਚ ਦਾ ਕੰਮ ਮੁੰਬਈ ਪੁਲਿਸ ਹੀ ਕਰੇ। (ਏਜੰਸੀ)