
ਭਾਈ ਲੌਂਗੋਵਾਲ ਨੇ ਕਿਹਾ ਕਿ ਇਕ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ।
ਅੰਮ੍ਰਿਤਸਰ, 16 ਅਗੱਸਤ (ਪਰਮਿੰਦਰਜੀਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਲੁਧਿਆਣਾ ਜ਼ਿਲ੍ਹੇ ਵਿਚ ਪੀ.ਐਚ.ਸੀ. ਮਲੋਦ ਦੇ ਸਿਹਤ ਕਾਮੇ ਸ. ਮਸਤਾਨ ਸਿੰਘ ਦੀ ਸਥਾਨਕ ਇਕ ਡੇਰੇ ਵਿਚ ਕੁੱਝ ਲੋਕਾਂ ਵਲੋਂ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਤੌਹੀਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਇਕ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ, ਪਰੰਤੂ ਅਜੇ ਵੀ ਕਈ ਲੋਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਹਰ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਹੋਵੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਡੇਹਲੋਂ ਹਸਪਤਾਲ ਵਿਖੇ ਜ਼ੇਰੇ ਇਲਾਜ ਪੀੜਤ ਸਿਹਤ ਕਾਮੇ ਸ. ਮਸਤਾਨ ਸਿੰਘ ਦਾ ਹਾਲ ਜਾਣਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ। ਭਾਈ ਲੌਂਗੋਵਾਲ ਵਲੋਂ ਭੇਜੇ ਗਏ ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ. ਹਰਪਾਲ ਸਿੰਘ ਜੱਲ੍ਹਾ ਤੇ ਭਾਈ ਚਰਨ ਸਿੰਘ ਆਲਮਗੀਰ ਸ਼ਾਮਲ ਸਨ। ਭਾਈ ਗਰੇਵਾਲ ਨੇ ਦਸਿਆ ਕਿ ਸ. ਮਸਤਾਨ ਸਿੰਘ ਭਾਰੀ ਸਦਮੇ ਵਿਚ ਹਨ ਅਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਪੀੜਤ ਸਿੱਖ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇਗੀ ਸ਼੍ਰੋਮਣੀ ਕਮੇਟੀ ਨਾਲ ਖੜੇਗੀ।