
ਸੀਰੋ ਸਰਵੇਖਣ ਪੰਜ ਜ਼ਿਲ੍ਹਿਆ ਵਿਚ ਪਹਿਲੀ ਤੋਂ 17 ਅਗਸਤ ਤੱਕ ਕਰਵਾਇਆ ਗਿਆ, ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 40 ਫੀਸਦੀ ਸੀਰੋਪਾਜ਼ੇਟਿਵ ਪਾਏ ਗਏ
ਚੰਡੀਗੜ੍ਹ, 20 ਅਗਸਤ ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਵਸੋਂ ਕੋਵਿਡ ਐਡੀਬਾਡੀਜ਼ ਦੇ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾ ਹੀ ਗ੍ਰਸਤ ਸਨ ਅਤੇ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ ਵਿੱਚ ਦਿਖਾਇਆ ਗਿਆ ਕਿ ਸੀਮਤ ਜ਼ੋਨਾਂ ਵਿੱਚ ਸਾਰਸ-ਕੋਵ-2 ਐਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲੇ ਵਿੱਚ 40 ਫੀਸਦੀ ਹੈ।
Corona Virus
ਇਸ ਤੋਂ ਬਾਅਦ ਲੁਧਿਆਣਾ ਵਿੱਚ 36.5 ਫੀਸਦੀ, ਐਸ.ਏ.ਐਸ.ਨਗਰ ਵਿੱਚ 33.2 ਫੀਸਦੀ, ਪਟਿਆਲਾ ਜ਼ਿਲੇ ਵਿੱਚ 19.2 ਫੀਸਦੀ ਅਤੇ ਜਲੰਧਰ ਵਿੱਚ 10.8 ਫੀਸਦੀ ਹੈ। ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ ਜੋ ਪਹਿਲੀ ਤੋਂ 17 ਅਗਸਤ ਤੱਕ ਸੂਬੇ ਦੇ ਪੰਜ ਸੀਮਤ ਜ਼ੋਨਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਬੇਤਰਤੀਬੇ (ਰੈਂਡਮ) ਤੌਰ 'ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਆਈ.ਸੀ.ਐਮ.ਆਰ. ਦੇ ਸਹਿਯੋਗ ਨਾਲ ਕੀਤਾ ਗਿਆ ਸਰਵੇਖਣ ਆਮ ਸੀ।
Corona virus
ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਆਪਣੀ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੀ ਜਿਸ ਅਨੁਸਾਰ ਕੌਮੀ ਰਾਜਧਾਨੀ ਵਿੱਚ 29 ਫੀਸਦੀ ਦੇ ਕਰੀਬ ਸੀਰੋਪਾਜ਼ੇਟਿਵ ਸਨ। ਪੰਜਾਬ ਦੇ ਇਸ ਨਿਵੇਕਲੇ ਸਰਵੇਖਣ ਲਈ ਪੰਜ ਸੀਮਤ ਜ਼ੋਨਾਂ ਨੂੰ ਚੁਣਿਆ ਗਿਆ ਜਿਨ•ਾਂ ਖੇਤਰਾਂ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਹ ਪਟਿਆਲਾ, ਐਸ.ਏ.ਐਸ. ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਇਲਾਕੇ ਸਨ। ਹਰੇਕ ਜ਼ੋਨ 'ਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ 'ਤੇ ਚੁਣੇ ਗਏ ਹਰੇਕ ਘਰ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਇਕ ਬਾਲਗ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ।
Corona Virus
ਸਾਰੇ ਸੀਮਤ ਜ਼ੋਨਾਂ ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫੀਸਦੀ ਲੋਕਾਂ ਵਿੱਚ ਸਾਰਸ ਕੋਵ-2 ਐਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ। ਸਰਵੇਖਣ ਦੀ ਰਿਪੋਰਟ ਅਨੁਸਾਰ ਸ਼ਹਿਰਾਂ ਦੇ ਬਾਕੀ ਇਲਾਕਿਆਂ ਵਿੱਚ ਇਹ ਗਿਣਤੀ ਘੱਟ ਹੈ ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਗਿਣਤੀ ਸ਼ਹਿਰੀ ਇਲਾਕਿਆਂ ਨਾਲੋਂ ਹੋਰ ਵੀ ਘੱਟ ਹੈ। ਇਸ ਸਰਵੇਖਣ ਦਾ ਉਦੇਸ਼ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਰਾਹੀਂ ਸਾਰਸ-ਕੋਵ-2 ਐਂਟੀਬਾਡੀਜ਼ (ਆਈਜੀਐਮ/ਆਈਜੀਜੀ) ਦੇ ਪ੍ਰਸਾਰ ਨੂੰ ਦੇਖਣਾ ਸੀ।
Corona Virus
ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਮਾਹਿਰਾਂ ਦੀ ਟੀਮ ਦੇ ਮੁਖੀ ਡਾ.ਕੇ.ਕੇ.ਤਲਵਾੜ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈਪ੍ਰਾਪਤ ਫੀਲਡ ਸਹਾਇਕਾਂ ਤੇ ਲੈਬਾਰਟਰੀ ਟੈਕਨੀਸ਼ੀਅਨਜ਼ ਦੀ ਟੀਮ ਨੇ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਡਾਟਾ ਇਕੱਤਰ ਕੀਤਾ। ਆਸ਼ਾ/ਏ.ਐਨ.ਐਮਜ਼ ਨੇ ਇਸ ਸਰਵੇਖਣ ਵਿੱਚ ਜ਼ੋਨਾਂ ਵਿੱਚ ਘਰਾਂ ਦੀ ਸ਼ਨਾਖਤ ਵਿੱਚ ਮੱਦਦ ਮੁਹੱਈਆ ਕੀਤੀ।
Corona virus
ਸਰਵੇਖਣ ਦਾ ਮੰਤਵ ਸਮਝਾਉਣ ਤੋਂ ਬਾਅਦ ਲਿਖਤੀ ਤੌਰ 'ਤੇ ਸਹਿਮਤੀ ਪੱਤਰ ਪ੍ਰਾਪਤ ਕੀਤਾ ਗਿਆ। ਇੰਟਰਵਿਊ ਤੋਂ ਬਾਅਦ ਰੋਗਾਣੂਹੀਣ ਹਾਲਤ ਵਿੱਚ ਲੈਬਾਰਟਰੀ ਦੇ ਟੈਕਨੀਸ਼ੀਅਨਜ਼ ਨੇ ਖੂਨ ਦਾ ਸੈਂਪਲ ਲਿਆ। ਇਹ ਸੈਂਪਲ ਟੈਸਟਾਂ ਲਈ ਜ਼ਿਲਾ ਜਨ ਸਿਹਤ ਲੈਬਾਰਟਰੀਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਰੈਪਿਡ ਐਂਟੀਬਾਡੀ ਟੈਸਟ ਕੀਤਾ ਗਿਆ।