
ਸੰਯੁਕਤ ਰਾਸ਼ਟਰ ਖ਼ੁਰਾਕ ਏਜੰਸੀ ਨੇ ਦਿਤੀ ਚਿਤਾਵਨੀ
ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗ਼ਾਨਿਸਤਾਨ 'ਚ ਭੁੱਖਮਰੀ ਦਾ ਖਦਸ਼ਾ, 1.4 ਕਰੋੜ ਲੋਕਾਂ ਦੀ ਜਾਨ ਖ਼ਤਰੇ ਵਿਚ
ਸੰਯੁਕਤ ਰਾਸ਼ਟਰ, 19 ਅਗੱਸਤ : ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਖ਼ੁਰਾਕ ਏਜੰਸੀ ਨੇ ਕਿਹਾ ਹੈ ਕਿ ਦੇਸ਼ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਉੱਥੇ ਇਕ ਮਨੁੱਖੀ ਸੰਕਟ ਪੈਦਾ ਹੋ ਰਿਹਾ ਹੈ ਜਿਸ ਵਿਚ 1.4 ਕਰੋੜ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਗੰਭੀਰ ਸਮੱਸਿਆ ਖੜੀ ਹੋ ਗਈ ਹੈ |
ਵਿਸ਼ਵ ਖ਼ੁਰਾਕ ਪ੍ਰੋਗਰਾਮ ਲਈ ਦੇਸ਼ ਦੀ ਨਿਰਦੇਸ਼ਕ ਮੇਰੀ ਏਲੇਨ ਮੈਕਗ੍ਰਾਟੀ ਨੇ ਬੁਧਵਾਰ ਨੂੰ ਕਾਬੁਲ ਤੋਂ ਸੰਯੁਕਤ ਰਾਸ਼ਟਰ ਦੇ ਪੱਤਰਕਾਰਾਂ ਨੂੰ ਵੀਡੀਉ ਕਾਨਫ਼ਰੰਸ ਦੇ ਮਾਧਿਅਮ ਨਾਲ ਜਾਣਕਾਰੀ ਉਪਲਬਧ ਕਰਾਉਂਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਸੰਘਰਸ਼, ਤਿੰਨ ਸਾਲਾਂ ਵਿਚ ਦੇਸ਼ ਦੇ ਸੱਭ ਤੋਂ ਬੁਰੇ ਸੋਕੇ ਨੇ ਅਤੇ ਕੋਵਿਡ-19 ਗਲੋਬਲ ਮਹਾਂਮਾਰੀ ਦੇ ਸਮਾਜਕ ਅਤੇ ਆਰਥਕ ਪ੍ਰਭਾਵ ਨੇ ਪਹਿਲਾਂ ਤੋਂ ਹੀ ਭਿਆਨਕ ਸਥਿਤੀ ਨੂੰ 'ਤਬਾਹੀ' ਵਲ ਮੋੜ ਦਿਤਾ ਹੈ | ਮੈਕਗ੍ਰਾਟੀ ਨੇ ਕਿਹਾ ਕਿ 40 ਫ਼ੀ ਸਦੀ ਤੋਂ ਵੱਧ ਫ਼ਸਲਾਂ ਨਸ਼ਟ ਹੋ ਗਈਆਂ ਹਨ ਅਤੇ ਸੋਕੇ ਕਾਰਨ ਪਸ਼ੂਧਨ ਤਬਾਹ ਹੋ ਗਿਆ ਹੈ | ਤਾਲਿਬਾਨ ਦੇ ਅੱਗੇ ਵਧਣ ਦੇ ਨਾਲ-ਨਾਲ ਸੈਂਕੜੇ-ਹਜ਼ਾਰਾਂ ਲੋਕ ਉਜੜ ਗਏ ਹਨ ਅਤੇ ਸਰਦੀਆਂ ਵੀ ਆਉਣ ਵਾਲੀਆਂ ਹਨ | ਉਨ੍ਹਾਂ ਕਿਹਾ ਕਿ ਅਸਲ ਵਿਚ ਉੱਥੇ ਭੋਜਨ ਪਹੁੰਚਾਉਣ ਦੀ ਦੌੜ ਜਾਰੀ ਹੈ ਜਿਥੇ ਇਸ ਦੀ ਸੱਭ ਤੋਂ ਵੱਧ ਲੋੜ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਖ਼ੁਰਾਕ ਪ੍ਰੋਗਰਾਮ ਨੇ ਮਈ ਵਿਚ 40 ਲੱਖ ਲੋਕਾਂ ਨੂੰ ਭੋਜਨ ਪਹੁੰਚਾਇਆ ਅਤੇ ਅਗਲੇ ਕੁੱਝ ਮਹੀਨਿਆਂ ਵਿਚ 90 ਲੱਖ ਤਕ ਇਸ ਦੀ ਪਹੁੰਚ ਬਣਾਉਣ ਦੀ ਯੋਜਨਾ ਹੈ ਪਰ ਇਸ ਵਿਚ ਕਈ ਚੁਣੌਤੀਆਂ ਹਨ |
ਮੈਕਗ੍ਰਾਟੀ ਨੇ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਅਤੇ ਦਾਨ ਦੇਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਭੋਜਨ ਪਹੁੰਚਾਉਣ ਲਈ ਲੋੜੀਂਦੇ 20 ਕਰੋੜ ਡਾਲਰ ਪ੍ਰਦਾਨ ਕਰਨ ਤਾਂ ਜੋ ਸਰਦੀਆਂ ਸ਼ੁਰੂ ਹੋਣ ਅਤੇ ਸੜਕਾਂ ਬੰਦ ਹੋਣ ਤੋਂ ਪਹਿਲਾਂ ਇਹ ਭਾਈਚਾਰਿਆਂ ਤਕ ਪਹੁੰਚ ਸਕਣ | (ਏਜੰਸੀ)