
ਮੌਸਮ ਦੀ ਤਬਦੀਲੀ ਕਾਰਨ ਮੁੜ ਬਿਜਲੀ ਦੀ ਖਪਤ ਰਿਕਾਰਡ 11318 ਮੈਗਾਵਾਟ 'ਤੇ ਪਹੁੰਚੀ
ਹੁੰਮਸ ਕਾਰਨ ਹੀ ਬਿਜਲੀ ਦੀ ਵਧੀ ਖਪਤ, ਮੁੜ ਚਲਾਉਣੇ ਪਏ ਸਾਰੇ ਤਾਪ ਬਿਜਲੀ ਘਰ
ਪਟਿਆਲਾ, 19 ਸਤੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਬਦਲੇ ਹੋਏ ਮੌਸਮ ਜਿਸ ਵਿਚ ਮੁੜ ਤੋਂ ਹੁੰਮਸ ਦਾ ਮਾਹੋਲ ਹੈ, ਜਿਸ ਕਾਰਨ ਇਕ ਵਾਰ ਮੁੜ ਬਿਜਲੀ ਦੀ ਖਪਤ 'ਚ ਰਿਕਾਰਡ ਵਾਧਾ ਹੋਇਆ ਹੈ, ਜੋ ਇਸ ਵੇਲੇ ਵਧ ਕੇ 11318 ਮੈਗਾਵਾਟ ਤਕ ਪਹੁੰਚ ਗਈ ਹੈ। ਇਸ ਸਬੰਧੀ ਬਿਜਲੀ ਨਿਗਮ ਦੇ ਅੰਕੜੇ ਦਸਦੇ ਹਨ ਕਿ ਇਸ ਵੇਲੇ ਬਿਜਲੀ ਨਿਗਮ ਨੂੰ ਮੁੜ ਅਪਣੇ ਤਾਪ ਬਿਜਲੀ ਘਰ ਵੀ ਚਲਾਉਣੇ ਪਏ। ਬਿਜਲੀ ਨਿਗਮ ਦੇ ਸਰਕਾਰੀ ਤਾਪ ਬਿਜਲੀ ਘਰਾਂ ਤੋਂ 1219 ਮੈਗਾਵਾਟ ਪ੍ਰਾਪਤ ਹੋ ਰਹੀ ਹੈ। ਇਸ ਵਿਚ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 575 ਮੈਗਾਵਾਟ, ਲਹਿਰਾ ਮੁਹੱਬਤ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 644 ਮੈਗਾਵਾਟ ਬਿਜਲੀ ਮਿਲ ਰਹੀ ਹੈ।
ਜੇਕਰ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ 'ਤੇ ਝਾਤੀ ਮਾਰੀ ਜਾਵੇ ਤਾਂ ਇਸ ਵੇਲੇ ਰਾਜ ਦੀ ਬਿਜਲੀ ਖਪਤ ਦੀ ਪੁਰਤੀ ਲਈ 735 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਇਸ ਵਿਚ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 285 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਦੇ ਇਕ ਯੂਨਿਟ ਤੋਂ 85 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਦੇ ਇਕ ਯੂਨਿਟ ਤੋਂ 198 ਮੈਗਾਵਾਟ, ਆਨੰਦਪੁਰ ਸਾਹਿਬ ਦੇ ਦੋ ਯੂਨਿਟਾਂ ਤੋਂ 121 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਜੋਗਿੰਦਰ ਨਗਰ ਦੇ ਸ਼ਾਨਨ ਬਿਜਲੀ ਘਰ ਤੋਂ 46 imageਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ।