
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਹੋਏ ਸਵਰਗਵਾਸ
ਅੰਮ੍ਰਿਤਸਰ, 19 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਦੀਵਾਨ ਦੇ ਆਨਰੇਰੀ ਸਕੱਤਰ ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੁਰਿੰਦਰ ਸਿੰਘ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਕੋਰੋਨਾ ਨਾਲ ਜੰਗ ਲੜ ਰਹੇ ਸਨ, ਪ੍ਰੰਤੂ ਉਹ ਜਲਦੀ ਹੀ ਸਿਰਫ਼ 66 ਸਾਲ ਦੀ ਉਮਰ ਵਿਚ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਅਤੇ ਅਪਣੇ ਪਿੱਛੇ ਸੁਪਤਨੀ ਜਗਤਾਰ ਕੌਰ, ਬੇਟਾ ਸ. ਸਮੀਜੀਵ ਸਿੰਘ ਅਤੇ ਬੇਟੀ ਅੰਜੂਪ੍ਰੀਤ ਕੌਰ ਛੱਡ ਗਏ ਹਨ। ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਪੁੱਜ ਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਨਿਰਮਲ ਸਿੰਘ, ਮੀਤ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮਨਮੋਹਨ ਸਿੰਘ ਸਹਿੰਸਰਾ, ਭਗਵੰਤ ਪਾਲ ਸਿੰਘ ਸੱਚਰ, ਸ: ਸੁਖਜਿੰਦਰ ਸਿੰਘ ਪ੍ਰਿੰਸ, ਸ: ਨਵਤੇਜ ਸਿੰਘ ਨਾਰੰਗ, ਸ: ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਅਤੇ ਹੋਰਨਾਂ ਦੀਵਾਨ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਨਿਰਮਲ ਸਿੰਘ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕੀ ਕਮੇਟੀ ਵਿਚ ਆਨਰੇਰੀ ਸਕੱਤਰ ਦੇ ਅਹਿਮ ਅਹੁਦੇ ਤੇ ਬਿਰਾਜਮਾਨ ਸ: ਸੁਰਿੰਦਰ ਸਿੰਘ ਦਾ ਸਦੀਵੀਂ ਅਲਵਿਦਾ ਕਹਿ ਜਾਣਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰਜ਼ ਲਈ ਅਸਹਿ ਵਿਛੋੜਾ ਹੈ। ਉਨ੍ਹਾਂ ਦਸਿਆ ਕਿ ਗੁਰੂ ਘਰ ਦੇ ਸੇਵਕ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕਿ ਪਿਛਲੇ 50 ਸਾਲਾਂ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਸਵੈਯੈ ਪੜ੍ਹਨ ਦੀ ਸੇਵਾ ਨਿਭਾ ਰਹੇ ਸਨ, ਪਿਛਲੇ ਦਸ ਸਾਲਾਂ ਤੋਂ ਦੀਵਾਨ ਨਾਲ ਜੁੜੇ ਸਨ ਅਤੇ ਉਨ੍ਹਾਂ ਦੀਵਾਨ ਵਿਚ ਪਿਛਲੇ ਤਿੰਨ ਸਾਲਾਂ ਤੋਂ ਆਨਰੇਰੀ ਸਕੱਤਰ ਦੇ ਅਹੁਦੇ ਤੇ ਰਹਿੰਦਿਆਂ ਅਪਣੀਆਂ ਉਸਾਰੂ ਪ੍ਰਬੰਧਕ ਨੀਤੀਆਂ ਤਹਿਤ ਦੀਵਾਨ ਦੇ ਵਿਕਾਸ ਵਿਚ ਵੱਡਮੁਲਾ ਯੋਗਦਾਨ ਦਿੱਤਾ ਹੈ। ਸਰਿੰਦਰ ਸਿੰਘ ਨਮਿਤ ਕੀਰਤਨ ਅਤੇ ਅੰਤਮ ਅਰਦਾਸ 22 ਸਤੰਬਰ ਨੂੰ ਦੁਪਹਿਰ 12:30 ਵਜੇ ਤੋਂ 1:30 ਵਜੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਆਨਲਾਈਨ ਹੋਵੇਗੀ। ਉਨ੍ਹਾਂ ਸੰਗਤਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਜ਼ਿਆਦਾ ਇਕੱਠ ਨਾ ਕਰਨ ਕਰ ਕੇ ਘਰ ਬੈਠੇ ਹੀ ਅੰਤਮ ਅਰਦਾਸ ਵਿਚ ਆਨਲਾਈਨ ਸ਼ਾਮਲ ਹੋਣ ਦੀ ਬੇਨਤੀ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਧਰਮ ਪ੍ਰਚਾਰ ਕਮੇਟੀ ਮੁਖੀ ਸ. ਭਾਗ ਸਿੰਘ ਅਣਖੀ, ਸਰਪ੍ਰਸਤ ਸ. ਰਾਜਮਹਿੰਦਰ ਸਿੰਘ ਮਜੀਠਾ, ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਸ. ਅਮਰਜੀਤ ਸਿੰਘ ਵਿਕਰਾਂਤ, ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ, ਸਥਾਨਕ ਪ੍ਰਧਾਨ ਸ. ਹਰਮਿੰਦਰ ਸਿੰਘ ਨੇ ਵੀ ਸ: ਸੁਰਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਅਫ਼ਸੋਸ ਪ੍ਰਗਟ ਕੀਤਾ।image