
ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ
ਅੰਮ੍ਰਿਤਸਰ: ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਸੀ.ਆਈ.ਏ ਸਟਾਫ ਨੇ 850 ਗ੍ਰਾਮ ਹੈਰੋਇਨ ਤੇ ਨਗਦੀ ਸਣੇ ਤਸਕਰ ਕਾਬੂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਮਹਿਮੂਦ ਨਗਰ, ਚੀਚਾ ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਇਸ ਦੌਰਾਨ ਮੁਲਜ਼ਮ ਕੋਲੋਂ 850 ਗ੍ਰਾਮ ਹੈਰੋਇਨ, 13 ਲੱਖ 50 ਹਜਾਰ ਰੁਪਏ ਭਾਰਤੀ ਕਰੰਸੀ (ਡਰੱਗ ਮਨੀ), 1 ਕਾਰ (ਆਈ-20 ਰੰਗ ਚਿੱਟਾ ਬਿਨਾਂ ਨੰਬਰੀ) ਬਰਾਮਦ ਹੋਈ ਹੈ।
ਪੁਲਿਸ ਮੁਤਾਬਕ ਗੁਰਜੀਤ ਸਿੰਘ ਨੇ ਪੁਛਗਿਛ ਦੌਰਾਨ ਦਸਿਆ ਕਿ ਗੁਰਵਿੰਦਰ ਸਿੰਘ ਉਰਫ ਮਹਿਕ ਜੋ ਇਸ ਸਮੇਂ ਕਪੂਰਥਲਾ ਜੇਲ ਵਿਚ ਬੰਦ ਹੈ ਅਤੇ ਇਹ ਏ.ਟੀ.ਐਸ. ਮੁੰਬਈ ਨੂੰ ਮੁੰਬਈ ਬੰਦਰਗਾਹ ਤੋਂ ਬਰਾਮਦ 70 ਕਿਲੋ ਹੈਰੋਇਨ ਕੇਸ ਵਿੱਚ ਲੋੜੀਂਦਾ ਹੈ। ਗੁਰਵਿੰਦਰ ਸਿੰਘ ਉਰਫ ਮਹਿਕ ਜੇਲ ਵਿਚੋਂ ਫੋਨ ਰਾਂਹੀ ਉਸ ਨਾਲ ਗੱਲਬਾਤ ਕਰਕੇ ਵੱਖ-ਵੱਖ ਵਿਅਕਤੀਆਂ ਰਾਹੀ ਇਸ ਕੋਲ ਹੈਰੋਇਨ ਭੇਜਦਾ ਸੀ, ਜੋ ਗੁਰਵਿੰਦਰ ਸਿੰਘ ਦੇ ਕਹਿਣ ਅਨੁਸਾਰ ਅੱਗੇ ਸਪਲਾਈ ਕੀਤੀ ਜਾਂਦੀ ਸੀ। ਗੁਰਵਿੰਦਰ ਸਿੰਘ ਕੋਲੋਂ ਜੇਲ ਵਿਚੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਗੁਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਿਰੁਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ।