
7 ਦਿਨਾਂ ਬਾਅਦ ਖ਼ਤਮ ਹੋਇਆ ਮੁਕਾਬਲਾ, ਤਲਾਸ਼ੀ ਮੁਹਿੰਮ ਜਾਰੀ ਰਹੇਗੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਪਿਛਲੇ 7 ਦਿਨਾਂ ਤੋਂ ਜਾਰੀ ਅਤਿਵਾਦੀਆਂ ਨਾਲ ਮੁਕਾਬਲਾ ਮੰਗਲਵਾਰ ਨੂੰ ਖਤਮ ਹੋ ਗਿਆ। ਕਸ਼ਮੀਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਵਿਜੇ ਕੁਮਾਰ ਨੇ ਮੰਗਲਵਾਰ ਨੂੰ ਦਸਿਆ ਕਿ ਮਾਰੇ ਗਏ ਦੋ ਅਤਿਵਾਦੀਆਂ ’ਚ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਉਜ਼ੈਰ ਖਾਨ ਵੀ ਸ਼ਾਮਲ ਹੈ।
ਕੁਮਾਰ ਨੇ ਕਿਹਾ ਕਿ ਗੋਲੀਬਾਰੀ ’ਚ ਦੋ ਫੌਜੀ ਅਫਸਰਾਂ ਅਤੇ ਇਕ ਪੁਲਿਸ ਅਫਸਰ ਸਮੇਤ ਚਾਰ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਏ.ਡੀ.ਜੀ.ਪੀ. ਨੇ ਅਨੰਤਨਾਗ ’ਚ ਪੱਤਰਕਾਰਾਂ ਨੂੰ ਦਸਿਆ, ‘‘ਹੁਣ ਤਕ ਲਸ਼ਕਰ ਕਮਾਂਡਰ ਉਜ਼ੈਰ ਖਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਦੂਜੇ ਅਤਿਵਾਦੀ ਦੀ ਲਾਸ਼ ਦਿਸ ਰਹੀ ਹੈ, ਪਰ ਅਜੇ ਤਕ ਇਸ ਨੂੰ ਹਟਾਉਣਾ ਸੰਭਵ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਗਡੋਲ ਜੰਗਲੀ ਖੇਤਰ ’ਚ ਪਿਛਲੇ ਹਫਤੇ ਬੁਧਵਾਰ ਨੂੰ ਸ਼ੁਰੂ ਹੋਈ ਗੋਲੀਬਾਰੀ ਖਤਮ ਹੋ ਗਈ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਰਹੇਗੀ।
ਉਨ੍ਹਾਂ ਕਿਹਾ, ‘‘ਇੱਥੇ ਇਕ ਵਿਸ਼ਾਲ ਖੇਤਰ ਹੈ ਜਿਸ ਦੀ ਤਲਾਸ਼ੀ ਲਈ ਜਾਣੀ ਬਾਕੀ ਹੈ। ਇੱਥੇ ਬਹੁਤ ਸਾਰੇ ਗੋਲੇ ਹੋ ਸਕੇਦ ਹਨ ਜੋ ਫਟੇ ਨਹੀਂ। ਉਨ੍ਹਾਂ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਜਾਵੇਗਾ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਇਲਾਕੇ ’ਚ ਨਾ ਜਾਣ।’’
ਏ.ਡੀ.ਜੀ.ਪੀ. ਨੇ ਕਿਹਾ ਕਿ ਸੁਰੱਖਿਆ ਫ਼ੋਰਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਦੋ ਤੋਂ ਤਿੰਨ ਅਤਿਵਾਦੀ ਹਨ। ਕੁਮਾਰ ਨੇ ਕਿਹਾ, ‘‘ਇਸ ਗੱਲ ਦੀ ਸੰਭਾਵਨਾ ਹੈ ਕਿ ਤੀਜੀ ਲਾਸ਼ ਕਿਤੇ ਵੀ ਹੋ ਸਕਦੀ ਹੈ। ਇਹ ਖੋਜ ਪੂਰੀ ਹੋਣ ਤੋਂ ਬਾਅਦ ਪਤਾ ਲੱਗੇਗਾ।’’