
ਸਰਕਾਰ ਜਾਂਦੀ ਹੈ ਤਾਂ ਜਾਵੇ ਪਰ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ-ਨਵਤੇਜ ਸਿੰਘ ਚੀਮਾ
ਚੰਡੀਗੜ੍ਹ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਅੱਜ ਪੰਜਾਬ ਸਰਕਾਰ ਨੇ ਸਖਤ ਸਟੈਂਡ ਲਿਆ ਹੈ। ਇਸ ਦੌਰਾਨ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਫੈਸਲਾ ਬਿਲਕੁਲ ਵਿਰੋਧੀਆਂ ਦੀਆਂ ਉਮੀਦਾਂ ਤੋਂ ਉਲਟ ਸੀ।
Navtej Singh Cheema
ਉਹਨਾਂ ਕਿਹਾ ਕਿ ਵਿਧਾਨ ਸਭਾ ਵਿਚ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦੀ ਤਾਰੀਫ਼ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਲੋਕ ਇਸ ਕੁਰਬਾਨੀ ਦਾ ਮੁੱਲ ਜ਼ਰੂਰ ਪਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੇ ਜਿੱਥੋਂ ਤੱਕ ਵੀ ਜਾਣਾ ਪਵੇ ਪਰ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਦੇ ਲਈ ਉਹਨਾਂ ਦੀ ਸਰਕਾਰ ਨੂੰ ਅਸਤੀਫ਼ਾ ਦੇਣਾ ਵੀ ਮਨਜ਼ੂਰ ਹੈ।
Captain Amarinder Singh
ਨਵਤੇਜ ਚੀਮਾ ਨੇ ਕਿਹਾ ਕਿ ਹਰ ਦਿਨ ਪੰਜਾਬ-ਹਰਿਆਣਾ ਦੇ ਫੌਜੀ ਜਵਾਨ ਚੀਨ ਜਾਂ ਪਾਕਿਸਕਤਾਨ ਬਾਡਰ 'ਤੇ ਸ਼ਹੀਦ ਹੁੰਦੇ ਹਨ। ਪਰ ਕੇਂਦਰ ਸਰਕਾਰ ਉਹਨਾਂ ਦੀ ਮਿਹਤਨ ਦਾ ਮੁੱਲ ਨਹੀਂ ਪਾ ਰਹੀ। ਉਹਨਾਂ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਨਾਲ ਪੰਗਾ ਲੈ ਕੇ ਗਲਤ ਕੀਤਾ ਹੈ।
Punjab Govt
ਉਹਨਾਂ ਕਿਹਾ ਕਿ ਸਰਕਾਰ ਦੇ ਫੈਸਲੇ 'ਤੇ ਕੋਈ ਵੀ ਖਾਮਿਆਜ਼ਾ ਭੁਗਤਣਾ ਪਿਆ ਤਾਂ ਉਹ ਤਿਆਰ ਹਨ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਸਰਕਾਰ ਭੰਗ ਹੋ ਸਕਦੀ ਹੈ, ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਪਰ ਉਹਨਾਂ ਦੀ ਲੜਾਈ ਜਾਰੀ ਰਹੇਗੀ।
PM Modi
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਦੇ ਦਬਾਅ ਹੇਠ ਆ ਕੇ ਵਿਸ਼ੇਸ਼ ਸੈਸ਼ਨ ਨਹੀਂ ਸੱਦਿਆ। ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਪੰਗਾ ਲੈਣ ਵਾਲੇ ਦਾ ਹਮੇਸ਼ਾਂ ਹੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਜਾਂਦੀ ਹੈ ਤਾਂ ਜਾਵੇ ਪਰ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।