
2003 ਦੇ ਪਾਣੀਆਂ ਵਾਲੇ ਮਤੇ ਨਾਲੋਂ ਜ਼ਿਆਦਾ 'ਸਖ਼ਤ' ਹੋਵੇਗਾ ਕਲ ਦਾ ਬਿਲ
ਕਾਨੂੰਨੀ ਰੁਕਾਵਟਾਂ ਦੂਰ ਕਰਨ ਲਈ ਜ਼ਿਆਦਾ ਸਮਾਂ ਲੱਗ ਰਿਹੈ--ਅਕਾਲੀ ਬੀਬੀ ਆਪ ਤਾਂ 'ਆਰਡੀਨੈਂਸਾਂ' ਨੂੰ ਪਾਸ ਕਰਨ ਲਈ ਦਸਤਖਤ ਕਰ ਕੇ ਆਈ ਹੈ, ਹੁਣ ਅਕਾਲੀ ਨਾਟਕ ਕਿਉਂ ਕਰ ਰਹੇ ਹਨ?
ਚੰਡੀਗੜ੍ਹ, 19 ਅਕਤੂਬਰ : ਪੰਜਾਬ ਦੇ ਇਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਕਲ ਅਸੈਂਬਲੀ ਵਿਚ ਪੇਸ਼ ਹੋਣ ਵਾਲਾ, 2003 ਵਿਚ ਪਾਣੀਆਂ ਵਾਲੇ ਮਤੇ ਨਾਲੋਂ ਜ਼ਿਆਦਾ ਜ਼ੋਰਦਾਰ ਹੋਵੇਗਾ ਤੇ ਮੈਂਬਰਾਂ ਨੂੰ ਪੂਰੀ ਵਿਚਾਰ ਚਰਚਾ ਕਰਨ ਦਾ ਮੌਕਾ ਦਿਤਾ ਜਾਵੇਗਾ, ਭਾਵੇਂ ਸੈਸ਼ਨ ਕੁੱਝ ਸਮੇਂ ਲਈ ਵਧਾਉਣਾ ਹੀ ਕਿਉਂ ਨਾ ਪਵੇ। ਪਰ ਕੁੱਝ ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਲਈ ਅਖ਼ੀਰ ਤਕ ਵਿਚਾਰਾਂ ਜਾਰੀ ਹਨ ਤਾਕਿ ਕੋਈ ਕਮੀ ਨਾ ਰਹਿ ਜਾਏ। ਇਸੇ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲੀਡਰਾਂ ਨਾਲ ਅੱਜ ਵੀ ਲੰਮੀ ਗੱਲ ਹੋਈ ਹੈ। ਉਨ੍ਹਾਂ ਨਾਲ ਹਰ ਗੱਲ ਸਾਂਝੀ ਕੀਤੀ ਗਈ ਹੈ ਤੇ ਉਨ੍ਹਾਂ ਨੇ ਸਾਡੇ ਨਾਲ ਪੂਰੀ ਸਹਿਮਤੀ ਪ੍ਰਗਟ ਕੀਤੀ ਹੈ।
ਅਕਾਲੀਆਂ ਬਾਰੇ ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਆਪ ਤਾਂ ਕਾਲੇ ਆਰਡੀਨੈਂਸਾਂ ਉਤੇ ਦਸਤਖ਼ਤ ਕਰ ਕੇ ਪ੍ਰਵਾਨਗੀ ਦੇ ਆਏ ਹਨ ਤੇ ਹੁਣ ਸ਼ੋਰ ਸ਼ਰਾਬਾ ਕਰ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਵਾਲਾ ਨਾਟਕ ਕਰ ਰਹੇ ਹਨ। ਅਸੀ ਤਾਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹਿ ਜਾਏ ਪਰ ਇਹ ਚਾਹੁੰਦੇ ਹਨ ਕਿ ਕਿਸੇ ਗ਼ਲਤੀ ਨੂੰ ਫੜ ਕੇ ਰੌਲਾ ਪਾਇਆ ਜਾ ਸਕੇ। ਅਸੀ ਅਖ਼ੀਰ ਤਕ ਕਮੀਆਂ ਦੂਰ ਕਰਨ ਦੀ ਹਰ ਕੋਸ਼ਿਸ਼ ਕਰਾਂਗੇ। ਯਾਦ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਲੀ ਕਮੇਟੀ ਦੇ ਵੀ ਸ੍ਰੀ ਰੰਧਾਵਾ ਮੈਂਬਰ ਹਨ ਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਂਦੇ ਰਹਿੰਦੇ ਹਨ।