
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਚੁੱਕਿਆ ਰਾਜਪਾਲ ਨਾਲ ਤਕਰਾਰ ਦਾ ਮੁੱਦਾ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਮਰਹੂਮ ਸੀਨੀਅਰ ਸਿਆਸਤਦਾਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂ ਹੋਈ। ਸ਼ਰਧਾਂਜਲੀ ਭੇਟ ਕਰਨ ਅਤੇ ਮੌਨ ਧਾਰਨ ਕਰਨ ਤੋਂ ਬਾਅਦ ਮੁਲਤਵੀ ਸੈਸ਼ਨ ਸ਼ੁਰੂ ਹੋ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਦੀ ਵੈਧਤਾ 'ਤੇ ਸਵਾਲ ਚੁੱਕੇ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਪਹਿਲਾਂ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸੈਸ਼ਨ ਜਾਇਜ਼ ਹੈ ਜਾਂ ਨਹੀਂ। ਜਦੋਂ ਵਿਰੋਧੀ ਧਿਰ ਦੇ ਆਗੂ ਪੰਜਾਬ ਦੇ ਮੁੱਦੇ ਉਠਾਉਂਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਸੈਸ਼ਨ ਵਿਚ ਹਾਜ਼ਰ ਨਹੀਂ ਹੋਈ। ਜਦੋਂ ਸੈਸ਼ਨ ਜਾਇਜ਼ ਨਹੀਂ ਹੈ ਤਾਂ ਅਟੈਂਡ ਕਿਉਂ ਕੀਤਾ ਜਾਵੇ? ਜਿਸ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਪੀਕਰ ਹੋਣ ਦੇ ਨਾਤੇ ਉਹ ਸੈਸ਼ਨ ਨੂੰ ਜਾਇਜ਼ ਠਹਿਰਾ ਰਹੇ ਹਨ। ਉਹਨਾਂ ਨੂੰ ਰਾਜਪਾਲ ਦਾ ਕੋਈ ਵੀ ਪੱਤਰ ਨਹੀਂ ਮਿਲਿਆ।
ਇਸ ਦੇ ਨਾਲ ਹੀ ਸਿਫਰ ਕਾਲ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਲੰਧਰ ਪੱਛਮੀ ਦੇ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਤੋਂ 'ਆਪ' ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰ ਡਰੱਗਜ਼ ਦਾ ਕੰਮ ਕਰਦੇ ਹਨ। ਉਹਨਾਂ ਨੇ ਸੈਸ਼ਨ ਵਿਚ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਏ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੂੰ ਬਕਾਇਦਾ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਅਪਣਾ ਪੱਖ ਰੱਖ ਸਕਣ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਹੀ ਇਕ ਵਿਧਾਇਕ ਮੌਜੂਦ ਸਰਕਾਰ ਦੇ ਐੱਮਪੀ 'ਤੇ ਇੰਨਾ ਵੱਡਾ ਇਲਜ਼ਾਮ ਲਗਾ ਰਿਹਾ ਹੈ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਸ ਮੁੱਦੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਦੇ ਨਾਲ ਹੀ 'ਆਪ' ਮੰਤਰੀ ਹਰਪਾਲ ਚੀਮਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ ਹੈ। ਚੀਮਾ ਨੇ ਦੋਸ਼ ਲਾਇਆ ਕਿ ਐਸਵਾਈਐਲ ਕਾਂਗਰਸ ਦੇ ਸਮੇਂ ਬਣੀ ਸੀ, ਅਕਾਲੀ ਦਲ ਦੇ ਸਮੇਂ ਪੰਜਾਬ ਨੂੰ ਲੁੱਟਿਆ ਗਿਆ ਸੀ, ਇਸ ਲਈ ਵਿਰੋਧੀ ਪਾਰਟੀਆਂ ਸਦਨ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ। ਰੌਲੇ-ਰੱਪੇ ਦਰਮਿਆਨ ਸਪੀਕਰ ਵੱਲੋਂ ਸੈਸ਼ਨ ਸ਼ੁਰੂ ਕਰ ਦਿੱਤਾ ਗਿਆ।
ਹਰਪਾਲ ਚੀਮਾ ਨੇ ਸਵਾਲ ਕੀਤਾ ਕਿ ਕਾਂਗਰਸ ਐੱਸਵਾਈਐੱਲ 'ਤੇ ਬਹਿਸ ਕਰਨਾ ਚਾਹੁੰਦੀ ਹੈ ਜਾਂ ਨਹੀਂ ਜਾਂ ਫਿਰ ਉਹ ਭਾਜਪਾ ਵੱਲ ਖੜ੍ਹੇ ਹਨ। ਇਸ ਦੌਰਾਨ ਵਿਰੋਧੀਆਂ ਅਤੇ ਹਰਪਾਲ ਚੀਮਾ ਦੀ ਕਾਫ਼ੀ ਤਿੱਖੀ ਬਹਿਸ ਹੋਈ ਤੇ ਕਾਂਗਰਸ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ।