
ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਦਿੱਲੀ ਵਿਚਕਾਰ ਸਫ਼ਰ ਸਮੇਂ ਨੂੰ ਮਿੰਟਾਂ 'ਚ ਤੈਅ ਕਰਨ ਸਬੰਧੀ ਹਾਈਸਪੀਡ ਲਾਈਨਾਂ ਵਿਕਸਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਦੇਸ਼ 'ਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਹੋਵੇਗਾ, ਜਿਥੇ ਹਾਈਪਰਲੂਪ ਦੌੜੇਗੀ ਅਤੇ ਚੰਡੀਗੜ੍ਹ ਤੋਂ ਦਿੱਲੀ ਸਿਰਫ਼ 20 ਮਿੰਟਾਂ ਅੰਦਰ ਪਹੁੰਚਾ ਦੇਵੇਗੀ। ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਦਿੱਲੀ ਵਿਚਕਾਰ ਸਫ਼ਰ ਸਮੇਂ ਨੂੰ ਮਿੰਟਾਂ 'ਚ ਤੈਅ ਕਰਨ ਸਬੰਧੀ ਹਾਈਸਪੀਡ ਲਾਈਨਾਂ ਵਿਕਸਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਅਗਲੇ ਮਹੀਨੇ 56 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਕੀਤਾ ਜਾਵੇਗਾ।
vini mahajan
ਇਸ ਬਾਰੇ ਪੰਜਾਬ ਦੇ ਸਹਾਇਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮਝੌਤੇ ਨੂੰ ਦੋਹਾਂ ਧਿਰਾਂ ਵਲੋਂ ਅੰਤਮ ਰੂਪ ਦਿਤਾ ਜਾ ਚੁੱਕਾ ਹੈ ਅਤੇ ਹੁਣ ਸਿਰਫ਼ ਮੁੱਖ ਮੰਤਰੀ ਦੀ ਆਖ਼ਰੀ ਮਨਜ਼ੂਰੀ ਚਾਹੀਦੀ ਹੈ। ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਗਿਆ ਤਾਂ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਸਿਰਫ਼ 20 ਮਿੰਟਾਂ ਦਾ ਰਹਿ ਜਾਵੇਗਾ ਕਿਉਂਕਿ ਹਾਈਪਰਲੂਪ, ਬੁਲਟ ਟਰੇਨ ਅਤੇ ਹਵਾਈ ਜਹਾਜ਼ ਤੋਂ ਵੀ ਦੁੱਗਣੀ ਰਫ਼ਤਾਰ ਨਾਲ ਭੱਜੇਗੀ। ਇਸ ਤੋਂ ਪਹਿਲਾਂ ਸਾਲ 2018 'ਚ ਮਹਾਂਰਾਸ਼ਟਰ ਨੇ ਪੁਣੇ ਅਤੇ ਮੁੰਬਈ ਦਰਮਿਆਨ ਵਰਜ਼ਿਨ ਹਾਈਪਰਲੂਪ ਦੀ ਪ੍ਰਵਾਨਗੀ ਦਿਤੀ ਸੀ।