
ਭਾਜਪਾ ਦਾ ਦਫ਼ਤਰ ਖੁਲ੍ਹਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਘੇਰਿਆ
ਬਠਿੰਡਾ, 19 ਨਵੰਬਰ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਵਿਚ ਅਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਭਾਜਪਾ ਵਲੋਂ ਸ਼ਹਿਰ ਵਿਚ ਦਫ਼ਤਰ ਖੋਲ੍ਹਣ ਦੇ ਮਨਸੂਬੇ ਨੂੰ ਕਿਸਾਨਾਂ ਨੇ ਅਸਫ਼ਲ ਕਰ ਦਿਤਾ। ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਬਠਿੰਡਾ ਸਹਿਤ ਸੂਬੇ ਵਿਚ ਦਸ ਥਾਵਾਂ 'ਤੇ ਦਿੱਲੀਉਂ ਉਦਘਾਟਨ ਕਰਨਾ ਸੀ। ਹਾਲਾਂਕਿ ਭਾਜਪਾ ਦੇ ਸੂਬਾਈ ਬੁਲਾਰੇ ਅਸ਼ੋਕ ਭਾਰਤੀ ਨੇ ਦਾਅਵਾ ਕੀਤਾ ਕਿ ਗੋਆ ਦੀ ਸਾਬਕਾ ਰਾਜਪਾਲ ਮ੍ਰਿਦੂਲਾ ਸਿਨਹਾ ਦੇ ਦੇਹਾਂਤ ਕਾਰਨ ਪੰਜਾਬ 'ਚ ਵਰਚੂਅਲ ਸਮਾਗਮਾਂ ਰਾਹੀ ਖੁੱਲ੍ਹਣ ਵਾਲੇ ਇੰਨ੍ਹਾਂ ਦਸ ਦਫ਼ਤਰਾਂ ਦਾ ਪ੍ਰੋਗਰਾਮ ਬੀਤੀ ਰਾਤ ਹੀ ਰੱਦ ਕਰ ਦਿਤਾ ਗਿਆ ਸੀ। ਉਂਜ ਪ੍ਰੋਗਰਾਮ ਰੱਦ ਹੋਣ ਦਾ ਪਤਾ ਦੇਰ ਰਾਤ ਚੱਲਣ ਕਾਰਨ ਸਥਾਨਕ ਆਗੂਆਂ ਵਲੋਂ ਇਸ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।
ਸਥਾਨਕ ਮਿੱਤਲ ਮਾਲ ਦੇ ਨਜ਼ਦੀਕ ਖੁੱਲ੍ਹਣ ਵਾਲੇ ਇਸ ਦਫ਼ਤਰ 'ਚ ਟੈਂਟ ਵੀ ਲਗਾਇਆ ਗਿਆ ਸੀ ਤੇ ਦਰੀਆਂ ਵੀ ਵਿਛਾਈਆਂ ਜਾ ਚੁੱਕੀਆਂ ਸਨ। ਇਸ ਸਮਾਗਮ ਵਿਚ ਭਾਜਪਾ ਦੀ ਸਾਰੀ ਸਥਾਨਕ ਲੀਡਰਸ਼ਿਪ ਨੇ ਪੁੱਜਣਾ ਸੀ ਪ੍ਰੰਤੂ ਇਸ ਸਮਾਗਮ ਦੀ ਸੂਚਨਾ ਕਿਸਾਨਾਂ ਨੂੰ ਮਿਲਣ 'ਤੇ ਉਨ੍ਹਾਂ ਅੱਜ ਸਵੇਰੇ ਹੀ ਇਸ ਪ੍ਰੋਗਰਾਮ ਦੇ ਘਿਰਾਉ ਦਾ ਐਲਾਨ ਕਰ ਦਿਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਦਫ਼ਤਰ ਵਾਲੇ ਸਥਾਨ ਵੱਲ ਕੂਚ ਕੀਤਾ। ਉਧਰ ਪੁਲਿਸ ਪ੍ਰਸ਼ਾਸਨ ਨੇ ਵੀ ਕਿਸਾਨਾਂ ਦੇ ਪ੍ਰੋਗਰਾਮ ਦਾ ਪਤਾ ਲੱਗਣ 'ਤੇ ਸਮਾਗਮ ਵਾਲੇ ਥਾਂ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਤੈਨਾਤ ਕਰ ਦਿਤੀ। ਸਮਾਗਮ ਰੱਦ ਹੋਣ 'ਤੇ ਕਿਸਾਨਾਂ ਦੇ ਪੁੱਜਣ ਕਾਰਨ ਕੋਈ ਵੀ ਭਾਜਪਾ ਆਗੂ ਇਥੇ ਨਹੀਂ ਪੁੱਜਾ। ਕਿਸਾਨ ਯੂਨੀਅਨ ਦੇ ਆਗੂ ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੰਗੀ ਆਦਿ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਰੀਬ ਪੌਣੇ ਦੋ ਮਹੀਨਿਆਂ ਤੋਂ ਪੰਜਾਬ ਵਿਚ ਕਿਸਾਨਾਂ ਦੁਆਰਾ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ। ਅਜਿਹੀ ਹਾਲਾਤ ਵਿਚ ਭਾਜਪਾ ਆਗੂਆਂ ਦਾ ਘਿਰਾਉ ਵੀ ਜਾਰੀ ਹੈ। ਕਿਸਾਨ ਆਗੂਆਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦੇ ਸੰਭਾਵੀ ਪੰਜਾਬ ਦੌਰੇ ਦਾ ਵੀ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਫੋਟੋ 19 ਬੀਟੀਆਈ 05 ਵਿਚ ਭੇਜੀ ਜਾ ਰਹੀ ਹੈ।
ਫ਼ੋਟੋ: ਇਕਬਾਲ ਸਿੰਘ।image