
PSEB ਵੱਲੋਂ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਜਾਰੀ ਕੀਤੀ
Mohali: ਪੰਜਾਬ ਸਕੂਲ ਸਿੱਖਿਆ ਬੋਰਡ ਸਾਲ 2023-24 ਦੀਆਂ ਸਾਲਾਨਾ ਪ੍ਰਯੋਗੀ ਪ੍ਰਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਜ ਨੂੰ ਮੁਕੰਮਲ ਕਰਨ ਲਈ ਪਹਿਲਾਂ ਪ੍ਰੀਖਿਆ ਅਮਲੇ ਤੇ ਹੋਰ ਸਟਾਫ ਨੂੰ 21 ਤੋਂ 24 ਨਵੰਬਰ ਤਕ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਨੂੰ ਬਾਅਦ ’ਚ 29 ਨਵੰਬਰ ਨੂੰ ਮੌਕ ਟੈਸਟ ’ਚ ਸ਼ਾਮਲ ਕੀਤਾ ਜਾਵੇਗਾ। ਸਿਖਲਾਈ ਕਾਰਜ ਮੁਕੰਮਲ ਹੋਣ ਮਗਰੋਂ ਅਭਿਆਸ ਸੈਸ਼ਨ ਸ਼ੁਰੂ ਹੋਵੇਗਾ ਜਿਸ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਕੇਂਦਰਾਂ ਨੂੰ ਪਹਿਲਾਂ ਟੇ੍ਰਨਿੰਗ ’ਚ ਸ਼ਾਮਲ ਕਰ ਕੇ ਇੱਥੇ ਡੰਮੀ ਪ੍ਰੀਖਿਆ ਲਈ ਜਾਵੇਗੀ।
ਜੇਕਰ ਅਭਿਆਸ-ਸੈਸ਼ਨ ਕਾਮਯਾਬ ਰਿਹਾ ਤਾਂ ਚਾਲੂ ਅਕਾਦਮਿਕ ਸਾਲ ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਮਾਧਿਅਮ ਰਾਹੀਂ ਭੇਜੇ ਜਾਣਗੇ। ਮੰਨਿਆਂ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਬੋਰਡ ਖ਼ਰਚ ਘੱਟ ਕਰ ਸਕੇਗਾ ਤੇ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਹੋਣ ਦਾ ਡਰ ਵੀ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬੀ ਵਿਸ਼ੇ ਦਾ ਪੇਪਰ ਵੀ ਡਿਜੀਟਲ ਮਾਧਿਅਮ ਰਹੀਂ ਭੇਜਿਆ ਜਾ ਚੁੱਕਾ ਹੈ ਤੇ ਬੋਰਡ ਦਾ ਉਹ ਤਜਰਬਾ ਕਾਮਯਾਬ ਰਿਹਾ ਸੀ।
ਖੇਤਰੀ ਮੈਨਜੇਰਾਂ ਨੂੰ ਜਾਰੀ ਹਦਾਇਤ ’ਚ ਕਿਹਾ ਗਿਆ ਹੈ ਕਿ ਭੌਤਿਕ ਵਿਗਿਆਨ, ਰਸਾਇਣਿਕ ਤੇ ਜੀਵ ਵਿਗਿਆਨ ਤੋਂ ਇਲਾਵਾ ਹੋਮ ਸਾਇੰਸ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਪੋਰਟਲ ’ਤੇ ਜਾਰੀ ਹੋਣਗੇ। ਇਹ ਪੋਰਟਲ ਪਾਸਵਰਡ ਤੇ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਹੋਵੇਗਾ। ਪ੍ਰੀਖਿਆਵਾਂ ਇਨ੍ਹਾਂ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਲੈਣਗੇ। ਕਿਹਾ ਗਿਆ ਹੈ ਕਿ ਆਨਲਾਈਨ ਵਿਧੀ ਰਾਹੀਂ ਪ੍ਰਸ਼ਨ-ਪੱਤਰ ਭੇਜ ਕੇ ਅਭਿਆਸ ਦੇ ਤੌਰ ’ਤੇ ਡੰਮੀ ਪ੍ਰਯੋਗੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਬਾਅਦ ’ਚ ਇਸੇ ਟਰਾਇਲ ਦੇ ਆਧਾਰ ’ਤੇ ਹੀ ਪ੍ਰਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜ ਕੇ ਸਾਲਾਨਾ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਸਿੱਖਿਆ ਬੋਰਡ ਨੇ ਇਕ ਸਾਫਟਵੇਅਰ ਤਿਆਰ ਕੀਤਾ ਹੈ ਜਿਸ ’ਚ ਹਰੇਕ ਪ੍ਰੀਖਿਆ ਕੇਂਦਰ ਦੀ ਲਾਗਇਨ ਆਈਡੀ ਬਣੇਗੀ। ਇਸ ਲਾਗਇਨ ਆਈਡੀ ’ਤੇ ਪਾਸਵਰਡ ਭਰਨ ਮਗਰੋਂ ਓਟੀਪੀ ਆਵੇਗਾ, ਜਿਸ ਨੂੰ ਭਰਨ ਤੋਂ ਬਾਅਦ ਇਕ ਪ੍ਰਸ਼ਨ ਪੱਤਰ ਜਾਰੀ ਹੋਵੇਗਾ। ਇਸੇ ਪੇਪਰ ਦੇ ਆਧਾਰ ’ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਲਈ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਵਿੱਖ ’ਚ ਲਿਖਤੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਵੀ ਇਸੇ ਮਧਿਅਮ ਰਾਹੀਂ ਭੇਜਣ ਦੀ ਯੋਜਨਾ ਹੈ।
(For more news apart from Punjab School Education Board Will Promote Digitalization, stay tuned to Rozana Spokesman)