
1984 ਵਿਚ ਹੋਏ ਸਿੱਖ ਕਤਲੇਆਮ ਤੋਂ ਪੀੜਤ ਪਰਵਾਰ ਅੱਜ ਵੀ ਉਸ ਸਮੇਂ ਨੂੰ ਨਹੀਂ ਭੁੱਲੇ ਹਨ ਜਦੋਂ ਉਨ੍ਹਾਂ ਦੇ ਅਪਣਿਆਂ ਨੂੰ ਹੀ ਅੱਗ ਵਿਚ ਜਿਉਂਦਾ...
ਚੰਡੀਗੜ੍ਹ (ਸਸਸ) : 1984 ਵਿਚ ਹੋਏ ਸਿੱਖ ਕਤਲੇਆਮ ਤੋਂ ਪੀੜਤ ਪਰਵਾਰ ਅੱਜ ਵੀ ਉਸ ਸਮੇਂ ਨੂੰ ਨਹੀਂ ਭੁੱਲੇ ਹਨ ਜਦੋਂ ਉਨ੍ਹਾਂ ਦੇ ਅਪਣਿਆਂ ਨੂੰ ਹੀ ਅੱਗ ਵਿਚ ਜਿਉਂਦਾ ਸਾੜਿਆ ਗਿਆ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿਤੀ ਗਈ। ਉਹ ਦਰਦਨਾਕ ਸਮਾਂ ਅੱਜ ਵੀ ਉਨ੍ਹਾਂ ਨੂੰ ਅਪਣੇ ‘ਤੇ ਹੋਏ ਜ਼ੁਲਮਾਂ ਅਤੇ ਅਪਣਿਆਂ ਦੇ ਵਿਛੋੜੇ ਦੀ ਯਾਦ ਦਿਵਾਉਂਦਾ ਹੈ।
Victims of 1984 Sikh massacreਪੀੜਤ ਪਰਵਾਰਾਂ ਨਾਲ ਦਰਦ ਸਾਂਝਾ ਕਰਨ ਲਈ ਸਾਡੇ ਸਪੋਕਸਮੈਨ ਟੀਵੀ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਪੀੜਤ ਪਰਵਾਰਾਂ ਨੇ ਅਪਣੇ ਦਰਦ ਬਿਆਨ ਕੀਤੇ ਅਤੇ ਨਾਲ ਹੀ ਉਨ੍ਹਾਂ ਨੇ ਸਰਕਾਰਾਂ ਦੀਆਂ ਨੀਤੀਆਂ ਅਤੇ ਫੋਕੀਆਂ ਗੱਲਾਂ ਦਾ ਖ਼ੁਲਾਸਾ ਕੀਤਾ। ਗੱਲਬਾਤ ਦੌਰਾਨ ਇਕ ਪੀੜਤ ਪਰਵਾਰ ਨੇ ਦੱਸਿਆ ਕਿ 84 ਦੀ ਘਟਨਾ ਇਕ ਭੁੱਲਣ ਵਾਲੀ ਘਟਨਾ ਨਹੀਂ ਹੈ ਅਤੇ ਨਾ ਹੀ ਕਦੇ ਭੁੱਲ ਸਕਦੀ ਹੈ।
Victims of 1984 Sikh massacreਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਸਰਕਾਰ ਜਾਂ ਕਿਸੇ ਹੋਰ ਪਾਰਟੀ ਨੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਨਹੀਂ ਸਗੋਂ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਅਤੇ ਨਾਲ ਹੀ ਉਸ ਦੇ ਹੋਰ ਸਾਥੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਰੈੱਡ ਕਾਰਡ ਵੀ ਨਹੀਂ ਬਣਵਾਏ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਮੁਹੱਈਆ ਕਰਵਾਈ, ਜਿਸ ਨਾਲ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕਦੀ।
Victims of 1984 Sikh Massacreਇਕ ਹੋਰ 84 ਸਿੱਖ ਕਤਲੇਆਮ ਪੀੜਤ ਮਹਿਲਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ 1984 ਵਿਚ ਸਿੱਖਾਂ ‘ਤੇ ਤੇਲ ਪਾ ਕੇ ਅੱਗ ਲਗਾਈ ਗਈ ਅਤੇ ਨਾਲ ਹੀ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਸ ਤੋਂ ਬਾਅਦ ਮਜ਼ਬੂਰੀ ਵਿਚ ਉਨ੍ਹਾਂ ਨੂੰ ਅਪਣੇ ਘਰ ਛੱਡ ਕੇ ਪੰਜਾਬ ਆਉਣਾ ਪਿਆ। ਪੰਜਾਬ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਸਗੋਂ ਉਲਟਾ ਕਾਨੂੰਨੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਅਤੇ ਉਨ੍ਹਾਂ ਕੋਲੋਂ ਰਿਹਾਇਸ਼ੀ ਸਬੂਤਾਂ ਦੀ ਮੰਗ ਕੀਤੀ ਗਈ।
1984 Victimsਗੱਲਬਾਤ ਦੌਰਾਨ 84 ਸਿੱਖ ਕਤਲੇਆਮ ‘ਚ ਪੀੜਤ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਸਮੇਂ ਪੁਲਿਸ ਦੀ ਵੀ ਦੋਸ਼ੀਆਂ ਨਾਲ ਮਿਲੀ ਭੁਗਤ ਸੀ ਅਤੇ ਪੁਲਿਸ ਵਾਲਿਆਂ ਨੇ ਖ਼ੁਦ ਅਪਣੇ ਸਾਹਮਣੇ ਕਈ ਸਿੱਖਾਂ ਨੂੰ ਮਰਵਾਇਆ। ਪੀੜਤਾ ਦਾ ਕਹਿਣਾ ਹੈ ਕਿ 34 ਸਾਲ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣਾ ਇਹ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ ਪਰ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਘੱਟੋ-ਘੱਟ ਉਨ੍ਹਾਂ ਨੂੰ ਥੋੜੀ ਬਹੁਤ ਉਮੀਦ ਬਣੀ ਹੈ ਕਿ ਸ਼ਾਇਦ ਹੁਣ ਉਨ੍ਹਾਂ ‘ਤੇ ਹੋਏ ਜ਼ੁਲਮਾਂ ਦਾ ਇਨਸਾਫ਼ ਮਿਲੇਗਾ।
1984 Victims ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਪਰਵਾਰਾਂ ਦੇ ਪਰਵਾਰ ਤਬਾਹ ਕਰ ਦਿਤੇ ਅਤੇ ਕਈਆਂ ਦਾ ਬੇਰਹਿਮੀ ਨਾਲ ਕਤਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰਾਂ ਨੇ ਉਸ ਸਮੇਂ ਅਪਣੀਆਂ ਸਿਆਸਤ ਦੀਆਂ ਰੋਟੀਆਂ ਸੇਕੀਆਂ ਪਰ ਪੀੜਤਾ ਦੀ ਮਦਦ ਲਈ ਕਿਸੇ ਨੇ ਹੱਥ ਨਹੀਂ ਫੜਾਇਆ। ਉਨ੍ਹਾਂ ਨੇ ਦੱਸਿਆ ਕਿ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਜਲਦੀ ਸਾਡੇ ‘ਤੇ ਹੋਏ ਜ਼ੁਲਮਾਂ ਦਾ ਇਨਸਾਫ਼ ਕਰੇਗੀ।