
ਟਰਾਈਸਿਟੀ ਵਿਚ ਪੀਜੀਆਈ, ਕਮਾਂਡ ਹਸਪਤਾਲ, ਮੈਕਸ, ਫੋਰਟਿਸ ਵਰਗੇ ਵੱਡੇ ਅਤੇ ਨਾਮੀ ਹਸਪਤਾਲਾਂ ਦੇ ਕਾਰਨ ਵੈਸਟ ਮੈਡੀਕਲ ਟਰੀਟਮੈਂਟ...
ਚੰਡੀਗੜ੍ਹ (ਸਸਸ) : ਟਰਾਈਸਿਟੀ ਵਿਚ ਪੀਜੀਆਈ, ਕਮਾਂਡ ਹਸਪਤਾਲ, ਮੈਕਸ, ਫੋਰਟਿਸ ਵਰਗੇ ਵੱਡੇ ਅਤੇ ਨਾਮੀ ਹਸਪਤਾਲਾਂ ਦੇ ਕਾਰਨ ਵੈਸਟ ਮੈਡੀਕਲ ਟਰੀਟਮੈਂਟ ਸਹੂਲਤ ਦੇ ਚਲਦੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਅਰ ਐਂਬੁਲੈਂਸ ਹੱਬ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਏਅਰ ਕਮੋਡੋਰ ਸ਼੍ਰੀਨਿਵਾਸਨ ਦੇ ਇਸ ਪ੍ਰਸਤਾਵ ਉਤੇ ਚੰਡੀਗੜ੍ਹ ਏਅਰਪੋਰਟ ਦੇ ਸੀਈਓ ਸੁਨੀਲ ਦੱਤ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਉਤੇ ਕੰਮ ਕਰਨਗੇ।
ਏਅਰ ਐਂਬੁਲੈਂਸ ਹੱਬ ਬਣਾਉਣ ਦਾ ਪ੍ਰਸਤਾਵ ਸਿਰੇ ਚੜ੍ਹਦਾ ਹੈ ਤਾਂ ਚੰਡੀਗੜ੍ਹ ਦੇ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਮਰੀਜ਼ ਇਸ ਦਾ ਇਸਤੇਮਾਲ ਕਰ ਕੇ ਬਿਹਤਰ ਸੁਵਿਧਾਵਾਂ ਲੈ ਸਕਣਗੇ। ਸੀਨੀਅਰ ਐਡਵੋਕੇਟ ਐਮਐਲ ਸਰੀਨ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮ ‘ਤੇ ਉਨ੍ਹਾਂ ਦੀ ਅਗਵਾਹੀ ਵਿਚ ਇਕ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕੀਤੀ ਗਈ।
ਹੁਣ ਤੱਕ ਕੈਟ-1 ਸਹੂਲਤ ਲਈ 9000 ਫੁੱਟ ਰਨਵੇਅ ਤਿਆਰ ਹੋ ਚੁੱਕਿਆ ਹੈ ਅਤੇ ਬੁੱਧਵਾਰ ਤੋਂ ਏਅਰਪੋਰਟ ਕੈਟ-1 ਸਹੂਲਤ ਨਾਲ ਲੈਸ ਹੋ ਗਿਆ ਹੈ। ਫਰਵਰੀ ਦੇ ਅੰਤ ਤੱਕ ਰਨਵੇਅ ਪੂਰੀ ਤਰ੍ਹਾਂ ਤੋਂ ਤਿਆਰ ਕਰ ਲਿਆ ਜਾਵੇਗਾ ਅਤੇ ਮਾਰਚ ਦੇ ਅੰਤ ਤੱਕ ਕੈਟ-2 ਸਹੂਲਤ ਸ਼ੁਰੂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਮੌਜੂਦਾ 24 ਚੈੱਕ ਇਨ ਕਾਉਂਟਰਾਂ ਦੀ ਗਿਣਤੀ ਨੂੰ ਵਧਾ ਕੇ 36 ਕੀਤਾ ਜਾਵੇਗਾ। ਜਿਸ ਦੇ ਨਾਲ ਮੁਸਾਫ਼ਰਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਏਅਰਪੋਰਟ ਦੀ ਮੌਜੂਦਾ ਪਾਰਕਿੰਗ ਠੀਕ ਨਹੀਂ ਹੈ।
ਇਸ ਉਤੇ ਏਅਰਪੋਰਟ ਵਲੋਂ ਜਾਣਕਾਰੀ ਦਿਤੀ ਗਈ ਹੈ ਕਿ ਇਸ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ। ਹਾਈਕੋਰਟ ਨੂੰ ਦੱਸਿਆ ਗਿਆ ਕਿ 31 ਮਾਰਚ ਤੋਂ ਬਾਅਦ ਜਦੋਂ ਏਅਰਪੋਰਟ ਪੂਰੀ ਤਰ੍ਹਾਂ ਤੋਂ ਆਪਰੇਸ਼ਨਲ ਹੋ ਜਾਵੇਗਾ ਤਾਂ ਇੱਥੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਸੀਆਈਐਸਐਫ਼ ਜਵਾਨਾਂ ਦੀ ਤੈਨਾਤੀ ਕੀਤੀ ਜਾਵੇਗੀ। ਜਵਾਨਾਂ ਦੀ ਤੈਨਾਤੀ ਫਰਵਰੀ ਅੰਤ ਵਿਚ ਹੀ ਕਰ ਦਿਤੀ ਜਾਵੇਗੀ ਇਸ ਦੇ ਬਾਰੇ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਲੈ ਲਈ ਗਈ ਹੈ।