
ਕੈਗ ਵੱਲੋਂ ਉਜਾਗਰ ਘਪਲਿਆਂ 'ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ- ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬੇ ਦੇ ਇਕੱਲੇ ਬਚੇ ਜਨਤਕ ਖੇਤਰ ਦੇ ਅਦਾਰੇ ਪੰਜਾਬ ਕਮਿਊਨੀਕੇਸ਼ਨਜ਼ ਲਿਮਿਟੇਡ (ਪਨਕੌਮ ) (ਪੀ.ਐਸ.ਯੂ) ਦਾ ਪੰਜਾਬ ਵਿੱਚ ਫੈਲੇ ਅੰਨ੍ਹੇ, ਭ੍ਰਿਸ਼ਟਾਚਾਰ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਤਾਅਨਾ ਮਾਰਿਆ ਹੈ ਕਿ ਜੇਕਰ ਕਾਂਗਰਸ ਜਮਾਤ ਦੀ ਜ਼ਮੀਰ ਥੋੜ੍ਹੀ ਬਹੁਤੀ ਵੀ ਜ਼ਿੰਦਾ ਹੈ ਤਾਂ ਪਨਕੌਮ ਦੇ ਭ੍ਰਿਸ਼ਟ ਅਧਿਕਾਰੀਆਂ ਕਰਮਚਾਰੀਆਂ ਉੱਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਕੰਪਨੀ ਨੂੰ ਸ਼ਰੇਆਮ ਲੁੱਟਣ ਵਾਲੇ ਅਫ਼ਸਰਾਂ ਅਧਿਕਾਰੀਆਂ ਦੀਆਂ ਨਾਮੀ ਬੇਨਾਮੀ ਸੰਪਤੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
Meet Hayer
ਪਾਰਟੀ ਹੈੱਡਕੁਆਟਰ ਤੋਂ ਤੱਥਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ 1990 ਦੇ ਦਹਾਕੇ 'ਚ ਇਲੈਕਟ੍ਰੋਨਿਕ ਟਾਊਨ (ਬਿਜਲਈ ਸ਼ਹਿਰ) ਵਜੋਂ ਜਾਣੇ ਜਾਂਦੇ ਮੋਹਾਲੀ (ਐਸਏਐਸ ਨਗਰ) 'ਚ ਅੱਜ ਬਿਜਲਈ ਖੇਤਰ ਦਾ ਇਕੱਲਾ ਪੀਐਸਯੂ ਬਚਿਆ ਹੈ, ਪਰੰਤੂ ਭ੍ਰਿਸ਼ਟਾਚਾਰ 'ਚ ਲਿਪਤ ਬੇਲਗ਼ਾਮ ਅਫ਼ਸਰਸ਼ਾਹੀ ਇਸ ਇਕਲੌਤੇ ਅਦਾਰੇ ਨੂੰ ਵਿੱਤੀ ਤੌਰ 'ਤੇ ਬਰਬਾਦ ਕਰਨ ਲੱਗੀ ਹੋਈ ਹੈ, ਜਿਸ ਕਾਰਨ ਉੱਥੇ ਪੱਕੇ ਅਤੇ ਕੱਚੇ (ਰੈਗੂਲਰ ਐਂਡ ਟੈਂਪਰੇਰੀ) ਕਰਮਚਾਰੀਆਂ ਦੇ ਸਾਹ ਸੁੱਕਦੇ ਜਾ ਰਹੇ ਹਨ, ਕਿਉਂਕਿ ਜੇਕਰ ਜਨਤਕ ਖੇਤਰ ਦੇ ਦੂਸਰੇ ਅਦਾਰਿਆਂ ਵਾਂਗ ਪਨਕੌਮ ਵੀ ਬੰਦ ਹੋ ਜਾਂਦੀ ਹੈ ਤਾਂ ਨਾ ਕੇਵਲ ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸੇਗਾ ਅਤੇ ਹਰ ਮੁਲਾਜ਼ਮ ਦੇ ਬਕਾਇਆ ਖੜੇ ਲੱਖਾਂ ਰੁਪਏ ਦੇ ਭੱਤੇ ਵੀ ਡੁੱਬ ਜਾਣਗੇ, ਕਿਉਂਕਿ ਪਹਿਲਾਂ ਬਾਦਲ ਸਰਕਾਰ, ਫਿਰ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਪਨਕੌਮ ਨੂੰ ਦੋਵੇਂ ਹੱਥੀ ਲੁੱਟ ਰਹੇ ਕਰੀਬ ਡੇਢ ਦਰਜਨ ਅਫ਼ਸਰਾਂ ਨੂੰ ਹੱਥ ਅਤੇ ਨੱਥ ਪਾਉਣ 'ਚ ਕੋਈ ਰੁਚੀ ਨਹੀਂ ਦਿਖਾ ਰਹੀ।
Charanjit Singh Channi
ਮੀਤ ਹੇਅਰ ਨੇ ਪਨਕੌਮ ਦੇ 10 ਉੱਚ ਅਧਿਕਾਰੀਆਂ ਦੀਆਂ ਆਨ ਰਿਕਾਰਡ ਤਨਖ਼ਾਹਾਂ ਲੈਣ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪ੍ਰਤੀ ਮਹੀਨਾ ਡੇਢ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੋਂ ਵੱਧ ਤਨਖ਼ਾਹ ਲਏ ਜਾ ਰਹੇ ਹਨ, ਦੂਜੇ ਪਾਸੇ ਕੋਵਿਡ ਕਾਰਨ ਡਿਊਟੀ ਦੌਰਾਨ ਮਹਾਰਾਸ਼ਟਰ ਦੇ ਭੁਸਾਵਲ 'ਚ ਦਮ ਤੋੜਨ ਵਾਲੇ ਪੱਕੇ ਕਰਮਚਾਰੀ ਨਰੇਸ਼ ਕੁਮਾਰ ਦੇ ਪਰਿਵਾਰ ਨੂੰ ਨਾ ਤਾਂ ਨਿਯਮਾਂ ਮੁਤਾਬਿਕ ਬਣਦੀ ਪੂਰੀ ਗਰੈਚੁਟੀ ਰਾਸ਼ੀ ਦਿੱਤੀ ਅਤੇ ਨਾ ਹੀ ਨੌਕਰੀ ਦਿੱਤੀ ਹੈ, ਜਦਕਿ ਕੋਵਿਡ ਦੇ ਸਿਖਰ 'ਤੇ ਹੋਣ ਕਾਰਨ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਵੀ ਨਹੀਂ ਮਿਲ ਸਕੀ ਸੀ।
Meet Hayer
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨਾਲੋਂ ਵੀ ਵੱਧ ਤਨਖ਼ਾਹਾਂ ਵਸੂਲ ਰਹੇ ਪਨਕੌਮ ਦੇ ਅਧਿਕਾਰੀ ਫ਼ਰਜ਼ੀ ਬਿੱਲਾਂ ਅਤੇ ਝੂਠੇ ਹਲਫ਼ੀਆ ਬਿਆਨਾਂ ਰਾਹੀਂ ਵੀ ਪਨਕੌਮ ਨੂੰ ਮੋਟਾ ਚੂਨਾ ਲਗਾ ਰਹੇ ਹਨ, ਜਿਸ ਦਾ ਖ਼ੁਲਾਸਾ ਕਿਸੇ ਸਾਧਾਰਨ ਵਿਅਕਤੀ ਜਾਂ ਸੰਸਥਾ ਦੇ ਨਹੀਂ, ਸਗੋਂ ਕੈਗ ਦੀਆਂ ਆੱਡਿਟ ਰਿਪੋਰਟਾਂ ਨੇ ਕੀਤਾ ਹੈ, ਪਰ ਕਿਸੇ ਵੀ ਦੋਸ਼ੀ ਉੱਪਰ ਕੋਈ ਕਾਰਵਾਈ ਤਾਂ ਦੂਰ ਅਗਲੇਰੀ ਜਾਂਚ ਕਰਾਉਣੀ ਵੀ ਸਰਕਾਰ ਨੇ ਜ਼ਰੂਰੀ ਨਹੀਂ ਸਮਝੀ, ਕਿਉਂਕਿ ਸੱਤਾਧਾਰੀਆਂ 'ਚ ਸਰਗਰਮ ਲੈਂਡ ਮਾਫ਼ੀਆ ਵੀ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੀ ਸਰਪ੍ਰਸਤੀ ਕਰ ਰਿਹਾ ਹੈ ਤਾਂ ਕਿ ਜੇਸੀਟੀ, ਪਨਵਾਇਰ ਆਦਿ ਦੂਸਰੇ ਅਦਾਰਿਆਂ ਵਾਂਗ ਪਨਕੌਮ ਵੀ ਬੰਦ ਹੋਵੇ ਅਤੇ ਉਹ ਇਸ (ਪਨਕੌਮ ) ਦੀ ਅਰਬਾਂ-ਖਰਬਾਂ ਰੁਪਏ ਦੀ ਸੋਨੇ ਵਰਗੀ ਜ਼ਮੀਨ/ਸੰਪਤੀ ਨੂੰ ਕੌਡੀਆਂ ਦੇ ਭਾਅ ਖ਼ਰੀਦ ਸਕਣ। ਮੀਤ ਹੇਅਰ ਨੇ ਦੱਸਿਆ ਕਿ 71 ਪ੍ਰਤੀਸ਼ਤ ਪੰਜਾਬ ਸਰਕਾਰ ਦੀ ਹਿੱਸੇਦਾਰੀ ਵਾਲੇ ਪੀਐਸਯੂ ਅਦਾਰੇ ਪਨਕੌਮ ਕੋਲ ਮੋਹਾਲੀ 'ਚ ਹੀ 5 ਥਾਵਾਂ 'ਤੇ ਮੋਟੀ ਪ੍ਰਾਪਰਟੀ ਪਈ ਹੈ।
Charanjeet Channi
ਮੀਤ ਹੇਅਰ ਨੇ ਪਨਕੌਮ 'ਚ ਚੱਲ ਰਹੀਆਂ ਧਾਂਦਲੀਆਂ ਅਤੇ ਉੱਚ-ਪੱਧਰੀ ਲੁੱਟ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੇ ਇਸ ਇਕਲੌਤੇ ਅਦਾਰੇ ਨੂੰ ਬਚਾਉਣ ਲਈ ਜੇਕਰ ਚੰਨੀ ਸਰਕਾਰ ਨੇ ਕੋਈ ਪੁਖ਼ਤਾ ਕਦਮ ਨਾ ਚੁੱਕੇ ਤਾਂ 2022 'ਚ 'ਆਪ' ਦੀ ਸਰਕਾਰ ਬਣਨ 'ਤੇ ਨਾ ਕੇਵਲ ਪਨਕੌਮ ਨੂੰ ਮੁੜ ਪੈਰਾ ਸਿਰ ਖੜ੍ਹਾ ਕੀਤਾ ਜਾਵੇਗਾ, ਸਗੋਂ ਇਸ ਨੂੰ ਲੁੱਟਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਲੁੱਟ ਦੀ ਵਸੂਲੀ ਕੀਤੀ ਜਾਵੇਗੀ।