
ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰ ਖੁਰਦ ਦੇ ਰਹਿਣ ਵਾਲੇ ਹਰਦੀਪ ਸਿੰਘ ਅਤੇ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਪਿੰਡ ਨੱਥੋਕੇ ਦੇ ਰਹਿਣ ਵਾਲੇ ਹਰਦੇਵ ਸਿੰਘ ਵਜੋਂ ਹੋਈ ਹੈ
ਅੰਮ੍ਰਿਤਸਰ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ 'ਤੇ 17 ਜਨਵਰੀ ਨੂੰ ਹੋਏ ਡਰੋਨ ਹਮਲੇ 'ਚ ਮਾਰੇ ਗਏ ਦੋ ਪੰਜਾਬੀਆਂ ਦੀਆਂ ਦੇਹਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚ ਗਈਆਂ ਹਨ। ਦੋਵਾਂ ਦੀ ਪਛਾਣ ਹੋ ਗਈ ਹੈ। ਇਕ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਦੇ ਪਿੰਡ ਮਹਿਸਮਪੁਰ ਖੁਰਦ ਦੇ ਰਹਿਣ ਵਾਲੇ ਹਰਦੀਪ ਸਿੰਘ ਅਤੇ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਪਿੰਡ ਨੱਥੋਕੇ ਦੇ ਰਹਿਣ ਵਾਲੇ ਹਰਦੇਵ ਸਿੰਘ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਨੂੰ ਸਤਿਕਾਰ ਸਹਿਤ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
hardev Singh
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ਅਬੂ ਧਾਬੀ ਦੇ ਹਵਾਈ ਅੱਡੇ 'ਤੇ ਸੋਮਵਾਰ 17 ਜਨਵਰੀ ਨੂੰ ਹੋਏ ਡਰੋਨ ਹਮਲੇ 'ਚ ਇਕ ਪਾਕਿਸਤਾਨੀ ਅਤੇ ਦੋ ਭਾਰਤੀਆਂ ਦੀ ਮੌਤ ਹੋ ਗਈ। ਇਹ ਧਮਾਕਾ ਪੈਟਰੋਲ ਟੈਂਕਰ 'ਤੇ ਕੀਤਾ ਗਿਆ, ਜਿਸ ਨੂੰ ਤਿੰਨ ਨੌਜਵਾਨ ਚਲਾ ਰਹੇ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਹਰਦੀਪ ਸਿੰਘ ਦੀ ਲਾਸ਼ ਲੈਣ ਲਈ ਉਸ ਦਾ ਪਰਿਵਾਰ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ, ਜਦਕਿ ਹਰਦੇਵ ਸਿੰਘ ਦਾ ਭਰਾ ਸੁਖਦੇਵ ਸਿੰਘ ਖੁਦ ਲਾਸ਼ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ।
Hardeep Singh
ਇਸ ਤੋਂ ਇਲਾਵਾ ਮੋਗਾ ਡੀਸੀ ਦਫ਼ਤਰ ਅਤੇ ਅੰਮ੍ਰਿਤਸਰ ਦੇ ਡੀਐਸਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਵੀ ਦੋਵੇਂ ਲਾਸ਼ਾਂ ਲੈਣ ਲਈ ਪੁੱਜੇ ਹੋਏ ਸਨ। ਹਵਾਈ ਅੱਡੇ 'ਤੇ ਦੋਵਾਂ ਦੇਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਮ੍ਰਿਤਕ ਹਰਦੇਵ ਦੇ ਭਰਾ ਸੁਖਦੇਵ ਨੇ ਦੱਸਿਆ ਕਿ ਉਸ ਦੀ ਉਮਰ 18 ਸਾਲ ਸੀ ਜਦੋਂ ਉਹ ਪੈਸੇ ਕਮਾਉਣ ਲਈ ਦੁਬਈ ਗਿਆ ਸੀ। ਸਭ ਕੁਝ ਠੀਕ ਸੀ ਇੰਨੇ ਸਾਲ ਕੋਈ ਸਮੱਸਿਆ ਨਹੀਂ ਆਈ। ਪਰ ਅਚਾਨਕ ਹੋਏ ਇਸ ਹਾਦਸੇ ਨੇ ਉਸ ਦੇ ਭਰਾ ਦੀ ਜਾਨ ਲੈ ਲਈ। ਹਰਦੇਵ ਸ਼ਾਦੀਸ਼ੁਦਾ ਹੈ ਅਤੇ ਉਸ ਦਾ 4 ਸਾਲ ਦਾ ਬੱਚਾ ਹੈ। ਸਾਰਾ ਪਰਿਵਾਰ ਨੱਥੋਕੇ ਪਿੰਡ ਵਿਚ ਰਹਿੰਦਾ ਹੈ।
ਮ੍ਰਿਤਕ ਹਰਦੀਪ ਦੇ ਭਰਾ ਰਾਜਬੀਰ ਨੇ ਦੱਸਿਆ ਕਿ ਉਸ ਦੀ ਉਮਰ 26 ਸਾਲ ਸੀ। 8 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਦੀਪ ਦੀ ਪਤਨੀ ਕੈਨੇਡਾ ਚਲੀ ਗਈ ਅਤੇ ਉਹ ਖੁਦ ਯੂ.ਏ.ਈ. ਤੇਲ ਦਾ ਟੈਂਕਰ ਚਲਾਉਂਦਾ ਸੀ। ਹਰਦੀਪ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿਤਾ ਬਲਵਿੰਦਰ ਅਤੇ ਮਾਤਾ ਚਰਨਜੀਤ ਕੌਰ ਘਰ ਵਿੱਚ ਇਕੱਲੇ ਰਹਿ ਗਏ ਹਨ।