
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਏ ਹਨ
ਚੰਡੀਗੜ੍ਹ: ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸਮਾਜ ਵਿਚ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ, ਜੇਕਰ ਰਿਸ਼ਤੇਦਾਰ ਨੇ ਗਲਤ ਕੰਮ ਕੀਤਾ ਹੈ ਤਾਂ ਉਸ ਦੇ ਲਈ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ?
ਉਹਨਾਂ ਦਾ ਕਹਿਣਾ ਹੈ ਕਿ ਜਿਸ ਮਾਮਲੇ ਵਿਚ ਈਡੀ ਦੀ ਛਾਪੇਮਾਰੀ ਹੋਈ ਹੈ ਉਹ ਕੇਸ ਬਹੁਤ ਪੁਰਾਣਾ ਹੈ। ਇਸ ਨੂੰ ਲੈ ਕੇ ਕਈ ਥਾਵਾਂ ’ਤੇ ਮਾਮਲੇ ਦਰਜ ਹਨ। ਰਾਜ ਸਭਾ ਮੈਂਬਰ ਨੇ ਸਵਾਲ ਚੁੱਕੇ ਕਿ ਕੇਂਦਰ ਦੀ ਏਜੰਸੀ ਈਡੀ ਨੇ ਸਿਰਫ਼ ਇਕੋ ਵਿਅਕਤੀ ਖਿਲਾਫ਼ ਕਾਰਵਾਈ ਕਿਉਂ ਕੀਤੀ? ਬਾਕੀ ਵਿਅਕਤੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਇਕ ਸਾਜ਼ਿਸ਼ ਹੈ।
ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਜੋ ਵੀ ਫੈਸਲਾ ਹੋਵੇਗਾ ਉਹ ਪੰਜਾਬ ਦੇ ਲੋਕਾਂ ਅਤੇ ਕਾਂਗਰਸ ਹਾਈਕਮਾਨ ਦਾ ਹੋਵੇਗਾ। ਉਹਨਾਂ ਨੂੰ ਕਿਸੇ ਦੇ ਨਾਂਅ ਨਾਲ ਕੋਈ ਇਤਰਾਜ਼ ਨਹੀਂ ਹੈ।
ਦੱਸ ਦੇਈਏ ਕਿ ਪੰਜਾਬ 'ਚ ਚੋਣ ਮੁਹਿੰਮ ਦੇ ਚਲਦਿਆਂ ਪਿਛਲੇ ਦਿਨੀ ਕੇਂਦਰੀ ਏਜੰਸੀ ਈਡੀ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਅਤੇ ਹੋਰ ਨੇੜਲਿਆਂ ਖ਼ਿਲਾਫ਼ ਕੀਤੀ ਛਾਪੇਮਾਰੀ ਦਾ ਮਾਮਲਾ ਕਾਫੀ ਚਰਚਾ ਵਿਚ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਕਾਂਗਰਸ ’ਤੇ ਹਮਲਾਵਰ ਹਨ।