
ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਉਹਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਚਮਕੌਰ ਸਾਹਿਬ: ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਬਿਆਨਬਾਜ਼ੀ ਦਾ ਦੌਰਾ ਜਾਰੀ ਹੈ। ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਉਹਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਇਸ ਦੇ ਲਈ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਇਜਾਜ਼ਤ ਮੰਗੀ ਹੈ। ਸੀਐਮ ਚੰਨੀ ਨੇ ਕਿਹਾ ਕਿ ਪਹਿਲਾਂ ਇਲਜ਼ਾਮ ਲਗਾਉਣਾ ਤੇ ਬਾਅਦ ’ਚ ਮੁਆਫ਼ੀ ਮੰਗ ਕੇ ਭੱਜ ਜਾਣਾ ਇਹਨਾਂ ਦੀ ਆਦਤ ਹੈ।
ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ ਤੋਂ ਮੁਆਫੀ ਵੀ ਮੰਗ ਚੁੱਕੇ ਹਨ। ਉਹਨਾਂ ਕਿਹਾ ਹਰ ਚੀਜ਼ ਦੇ ਮਾਪਦੰਡ ਹੁੰਦੇ ਹਨ। ਚੋਣ ਅਤੇ ਸਿਆਸਤ ਦੀ ਵੀ ਪਰੰਪਰਾ ਅਤੇ ਸੱਭਿਅਤਾ ਹੁੰਦੀ ਹੈ। ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਈ ਵਾਰ ਹੱਦ ਪਾਰ ਕੀਤੀ ਅਤੇ ਬਾਅਦ ਵਿਚ ਮੁਆਫ਼ੀ ਵੀ ਮੰਗੀ। ਇਹਨਾਂ ਦੀ ਆਦਤ ਹੈ, ਪਹਿਲਾਂ ਇਲਜ਼ਾਮ ਲਗਾਉਣਗੇ ਅਤੇ ਬਾਅਦ ਵਿਚ ਮੁਆਫ਼ੀ ਮੰਗ ਕੇ ਭੱਜ ਜਾਣਾ। ਇਹ ਪਹਿਲੀ ਵਾਰ ਨਹੀਂ। ਇਹਨਾਂ ਵਿਚ ਕੋਈ ਅਣਖ ਨਹੀਂ। ਕੇਜਰੀਵਾਲ ਅਪਣੇ ਆਪ ’ਤੇ ਕਾਬੂ ਰੱਖਣ।
ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ । ਇਸ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੈਨੂੰ ਬੇਈਮਾਨ ਆਦਮੀ ਕਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਨੋਟਾਂ ਨਾਲ ਮੇਰੀ ਫੋਟੋ ਲਗਾ ਕੇ ਮੈਨੂੰ ਬਦਨਾਮ ਕਰ ਰਹੇ ਹਨ।