
ਗ੍ਰਿਫ਼ਤਾਰ ਕੀਤੇ ਗੈਂਗਸਟਰ ਰਾਜਨ ਭੱਟੀ ਦੇ ਖਿਲਾਫ਼ 15 ਤੋਂ ਵੱਧ ਮਾਮਲੇ ਦਰਜ
ਨਵੀਂ ਦਿੱਲੀ - ਦਿੱਲੀ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਹਰਵਿੰਦਰ ਰਿੰਦਾ ਅਤੇ ਲਖਵਿੰਦਰ ਲੰਡਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਖਯਾਤ ਗੈਂਗਸਟਰ ਰਾਜਨ ਭੱਟੀ ਪੰਜਾਬ ਵਿਚ ਲੁਕਿਆ ਹੋਇਆ ਹੈ। ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਰਾਜਨ ਭੱਟੀ ਨੂੰ ਕਿਸੇ ਅਗਿਆਤ ਜਗ੍ਹਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਬਾਗ ਵਿਚ ਰਾਜਨ ਭੱਟੀ ਨੇ ਦੱਸਿਆ ਕਿ ਉਸ ਦੇ ਦੋ ਸਾਥੀ ਬਿਆਸ ਦੇ ਕੋਲ ਕਿਸੇ ਨਿੱਜੀ ਹੋਟਲ ਵਿਚ ਲੁਕੇ ਹੋਏ ਹਨ।
ਇਸ ਤੋਂ ਬਾਅਦ ਦਿੱਲੀ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਹਾਂ ਗੈਂਗਸਟਰਾਂ ਨੂੰ ਰਈਆ ਦੇ ਕੋਲ ਸਥਿਤ ਦੀਦਾਰ ਢਾਬੇ ਉਤੇ ਘੇਰ ਲਿਆ। ਜਦ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਦਿੱਲੀ ਪੁਲਿਸ ਦਾ ਮੁਲਾਜ਼ਮ ਯੋਗੇਸ਼ ਜ਼ਖਮੀ ਹੋ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਅਤੇ ਕੰਵਲਜੀਤ ਸਿੰਘ ਉਰਫ ਚੀਨਾ ਨਾਮ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਇੱਕ ਭੱਜਣ ਵਿਚ ਕਾਮਯਾਬ ਹੋ ਗਿਆ। ਇਥੇ ਇਹ ਦੱਸਣਾ ਬਣਦਾ ਹੈ ਕਿ ਰਾਜਨ ਭੱਟੀ ਲਖਵੀਰ ਲੰਡਾ ਅਤੇ ਹਰਵਿੰਦਰ ਰਿੰਦਾ ਲਈ ਕੰਮ ਕਰਦਾ ਹੈ। ਰਾਜਨ ਭੱਟੀ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਮੰਗਵਾਉਣ ਵਿਚ ਵੀ ਸ਼ਾਮਲ ਹੈ।