
ਦਖਣੀ ਰਾਜਾਂ ’ਚ ਰੈਲੀਆਂ ਕੱਢ ਕੇ ਅੰਦੋਲਨ ਨਾਲ ਜੋੜਾਂਗੇ: ਚਡੂਨੀ
ਕਿਹਾ, ਤੇਲੰਗਾਨਾ ’ਚ ਲੱਗੇ ‘ਮੋਦੀ ਗੋ ਬੈਕ’ ਦੇ ਨਾਹਰੇ ਪਰ ਕੌਮੀ ਮੀਡੀਆ ਨੇ ਨਹੀਂ ਵਿਖਾਇਆ
ਚੰਡੀਗੜ੍ਹ, 20 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਸੰਯੁਕਤ ਕਿਸਾਨ ਮੋਰਚਾ ਹੁਣ ਦਖਣੀ ਰਾਜਾਂ ਵਿਚ ਜਾ ਕੇ ਰੈਲੀਆਂ ਕਰੇਗਾ ਤੇ ਉਥੋਂ ਦੇ ਕਿਸਾਨਾਂ ਨੂੰ ਅੰਦੋਲਨ ਦੇ ਨਾਲ ਜੋੜੇਗਾ। ਇਹ ਗੱਲ ਚੰਡੀਗੜ੍ਹ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਕੱਢੇ ਗਏ ਮਾਰਚ ’ਚ ਸ਼ਿਰਕਤ ਕਰਨ ਪੁੱਜੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਹੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਿਰਫ਼ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਦਸਿਆ ਜਾ ਰਿਹਾ ਹੈ ਪਰ ਅਸਲ ਵਿਚ ਦੂਜੇ ਸੂਬਿਆਂ ਵਿਚ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਕੌਮੀ ਮੀਡੀਆ ਇਸ ਦੀ ਕਵਰੇਜ ਨਹੀਂ ਵਿਖਾ ਰਿਹਾ ਤੇ ਇਸ ਤਰ੍ਹਾਂ ਨਾਲ ਕੌਮੀ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚਡੂਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੇਲੰਗਾਨਾ ਦੌਰੇ ਦੌਰਾਨ ਉਥੋਂ ਦੇ ਕਿਸਾਨਾਂ ਨੇ ਹਵਾ ਵਿਚ ਕਾਲੇ ਗ਼ੁਬਾਰੇ ਛੱਡੇ ਅਤੇ ਇਨ੍ਹਾਂ ਗ਼ੁਬਾਰਿਆਂ ਤੋਂ ਇਲਾਵਾ ਸੜਕਾਂ ’ਤੇ ‘ਮੋਦੀ ਗੋ ਬੈਕ’ ਦੇ ਨਾਹਰੇ ਲਿਖੇ ਅਤੇ ਲਗਾਏ। ਲੋਕ ਉਥੇ ਹਵਾਈ ਅੱਡੇ ’ਤੇ ਵੀ ਮੋਦੀ ਦਾ ਵਿਰੋਧ ਕਰਨ ਪੁੱਜੇ ਤੇ ਜਿਥੇ ਮੋਦੀ ਗਏ, ਉਥੇ ਵੀ ਉਨ੍ਹਾਂ ਨੂੰ ਕਿਸਾਨਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਚਡੂਨੀ ਨੇ ਕਿਹਾ ਕਿ ਹੁਣ ਸਮੁੱਚੇ ਦੇਸ਼ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਇਕ ਸੂਤਰ ਵਿਚ ਬੰਨਣ ਲਈ ਦਖਣੀ ਸੂਬਿਆਂ ਤੇ ਹੋਰ ਸੂਬਿਆਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਕਿਸਾਨਾਂ ਨੂੰ ਦਿੱਲੀ ਦੇ ਮੁੱਖ ਅੰਦੋਲਨ ਦੇ ਨਾਲ ਜੋੜ ਕੇ ਕਿਸਾਨ ਸੰਘਰਸ਼ ਨੂੰ ਮਜਬੂਤ ਕੀਤਾ ਜਾ ਸਕੇ।