
ਪੰਜਾਬ ਵਿਧਾਨ ਸਭਾ ਚੋਣਾਂ ਲਈ 68 ਫ਼ੀ ਸਦੀ ਵੋਟਾਂ ਭੁਗਤੀਆਂ
2017 ਦੀਆਂ ਚੋਣਾਂ ਨਾਲੋਂ ਘੱਟ ਪਈਆਂ ਵੋਟਾਂ, ਸ਼ਹਿਰਾਂ ਮੁਕਾਬਲੇ ਪਿੰਡਾਂ 'ਚ ਵਧੇਰੇ ਵੋਟਾਂ ਪਈਆਂ
ਚੰਡੀਗੜ੍ਹ, 20 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਲਈ ਅੱਜ ਪਈਆਂ ਵੋਟਾਂ ਦਾ ਕੰਮ ਕੁੱਝ ਕੁ ਥਾਵਾਂ ਉਪਰ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਸਮਾਪਤ ਹੋਇਆ ਹੈ | 117 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਚੋਣਾਂ ਲਈ ਕੁਲ 2.14 ਕਰੋੜ ਵੋਟਰਾਂ 'ਚੋਂ 68 ਫ਼ੀ ਸਦੀ ਨੇ ਵੋਟਾਂ ਪਾਈਆਂ | ਇਹ ਅੰਕੜਾ ਪਿਛਲੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਘੱਟ ਅਤੇ 2019 'ਚ ਹੋਈਆਂ ਲੋਕ ਸਭਾ ਚੋਣਾਂ ਤੋਂ ਜ਼ਿਆਦਾ ਹੈ |
2017 'ਚ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਜ਼ਿਆਦਾ ਵੋਟਾਂ ਪਈਆਂ ਸਨ | 2017 ਦੀਆਂ ਵਿਧਾਨ ਸਭਾ ਚੋਣਾਂ 'ਚ 77.36 ਫ਼ੀ ਸਦੀ ਵੋਟਿੰਗ ਹੋਈ ਸੀ ਅਤੇ 2019 'ਚ ਲੋਕ ਸਭਾ ਚੋਣਾਂ 'ਚ ਇਹ ਘਟ ਕੇ 65.94 ਫ਼ੀ ਸਦੀ ਰਹਿ ਗਈ ਸੀ | ਪੰਜਾਬ 'ਚ ਇਸ ਵਾਰ ਵੋਟਾਂ ਪਾਉਣ ਲਈ 24,740 ਪੋਿਲੰਗ ਸਟੇਸ਼ਨ ਬਣਾਏ ਗਏ ਸਨ | 1304 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 417 ਆਜ਼ਾਦ ਅਤੇ 93 ਮਹਿਲਾ ਉਮੀਦਵਾਰ ਹਨ |
ਜ਼ਿਕਰਯੋਗ ਹੈ ਕਿ ਚੋਣ ਮੁਹਿੰਮ ਦੌਰਾਨ ਵੱਡੇ ਆਗੂਆਂ ਵਲੋਂ ਇਕ-ਦੂਜੇ ਵਿਰੁਧ ਵਰਤੇ ਗਏ ਅਪਸ਼ਬਦਾਂ ਤੇ
ਤਿੱਖੀ ਇਲਜ਼ਾਮਬਾਜ਼ੀ ਦੇ ਮਾਹੌਲ ਬਾਅਦ ਇਹ ਚੋਣਾਂ ਸ਼ਾਂਤਮਈ ਤਰੀਕੇ ਨਾਲ ਸਿਰੇ ਚੜ੍ਹੀਆਂ | ਕੁਝ ਕੁ ਘਟਨਾਵਾਂ ਹੋਈਆਂ | ਇਨ੍ਹਾਂ 'ਚ ਭਦੌੜ 'ਚ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ਉਪਰ ਹਮਲਾ ਕੀਤੇ ਜਾਣ, ਬਠਿੰਡਾ ਤੇ ਜ਼ੀਰਾ ਹਲਕੇ ਦੇ ਮੱਲਾਂਵਾਲਾ 'ਚ ਅਕਾਲੀਆਂ ਤੇ ਕਾਂਗਰਸੀ ਵਰਕਰਾਂ 'ਚ ਆਪਸੀ ਟਕਰਾਅ ਤੇ ਹਵਾਈ ਫਾਇਰਿੰਗ ਘਟਨਾਵਾਂ ਦੇ ਮਾਮਲੇ ਜ਼ਿਕਰਯੋਗ ਹਨ ਪਰ ਕਿਸੇ ਥਾਂ ਤੋਂ ਕੋਈ ਵੱਡੇ ਝਗੜੇ ਦੀ ਘਟਨਾ ਸਾਹਮਣੇ ਨਹੀਂ ਆਈ | ਖੰਨਾ 'ਚ ਇਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ |
ਪੋਿਲੰਗ ਦਾ ਕੰਮ ਸਮੁੱਚੇ ਤੌਰ 'ਤੇ ਠੀਕ ਰਿਹਾ ਪਰ ਕੁੱਝ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਖ਼ਰਾਬੀ ਕਾਰਨ ਕੁੱਝ ਮਿੰਟ ਵੋਟਾਂ ਦੇ ਕੰਮ 'ਚ ਰੁਕਾਵਟ ਪਈ ਪਰ ਇਨ੍ਹਾਂ ਦੀ ਥਾਂ ਹੋਰ ਮਸ਼ੀਨਾਂ ਰੱਖ ਕੇ ਵੋਟਿੰਗ ਕਰਵਾਈ ਗਈ |
ਇਸ ਤਰ੍ਹਾਂ ਰਹੀ ਜ਼ਿਲ੍ਹਾਵਾਰ ਵੋਟ ਫ਼ੀ ਸਦੀ
ਅੰਮਿ੍ਤਸਰ : 61.2 ਫ਼ੀ ਸਦੀ
ਬਰਨਾਲਾ : 68.03 ਫ਼ੀ ਸਦੀ
ਬਠਿੰਡਾ : 70.07 ਫ਼ੀ ਸਦੀ
ਫ਼ਰੀਦਕੋਟ : 66.54 ਫ਼ੀ ਸਦੀ
ਫ਼ਤਿਹਗੜ੍ਹ ਸਾਹਿਬ : 67.56 ਫ਼ੀ ਸਦੀ
ਫ਼ਾਜ਼ਿਲਕਾ : 73.59 ਫ਼ੀ ਸਦੀ
ਫ਼ਿਰੋਜ਼ਪੁਰ : 66.26 ਫ਼ੀ ਸਦੀ
ਗੁਰਦਾਸਪੁਰ : 65.24 ਫ਼ੀ ਸਦੀ
ਹੁਸ਼ਿਆਰਪੁਰ : 62.71 ਫ਼ੀ ਸਦੀ
ਜਲੰਧਰ : 60.96 ਫ਼ੀ ਸਦੀ
ਕਪੂਰਥਲਾ : 62.46 ਫ਼ੀ ਸਦੀ
ਲੁਧਿਆਣਾ : 59.45 ਫ਼ੀ ਸਦੀ
ਮਾਨਸਾ : 75.24 ਫ਼ੀ ਸਦੀ
ਮੋਗਾ : 61.24 ਫ਼ੀ ਸਦੀ
ਮਲੇਰਕੋਟਲਾ : 72.84 ਫ਼ੀ ਸਦੀ
ਪਠਾਨਕੋਟ : 67.72 ਫ਼ੀ ਸਦੀ
ਪਟਿਆਲਾ : 65.89 ਫ਼ੀ ਸਦੀ
ਰੋਪੜ : 66.31 ਫ਼ੀ ਸਦੀ
ਐਸ.ਏ.ਐਸ. ਨਗਰ : 62.04 ਫ਼ੀ ਸਦੀ
ਸੰਗਰੂਰ : 70.43 ਫ਼ੀ ਸਦੀ
ਨਵਾਂਸ਼ਹਿਰ : 64.03 ਫ਼ੀ ਸਦੀ
ਸ੍ਰੀ ਮੁਕਤਸਰ ਸਾਹਿਬ : 72.01 ਫ਼ੀ ਸਦੀ
ਤਰਨ ਤਾਰਨ : 60.47 ਫ਼ੀ ਸਦੀ