
ਪਿੰਡ ਝੂੰਗਿਆਂ 'ਚ ਆਪਸੀ ਭਾਈਚਾਰੇ ਦੀ ਵਖਰੀ ਮਿਸਾਲ
ਨਹੀਂ ਲਗਾਇਆ ਕਿਸੇ ਪਾਰਟੀ ਦਾ ਬੂਥ, ਮਿਲ-ਜੁਲ ਕੇ ਬੈਠੇ ਸਾਰੀਆਂ ਪਾਰਟੀਆਂ ਦੇ ਆਗੂ
ਸ਼ੰਭੂ, 20 ਫਰਵਰੀ (ਰਾਜਿੰਦਰ ਸਿੰਘ ਮੋਹੀ): ਹਲਕਾ ਘਨੌਰ ਦੇ ਪਿੰਡ ਝੁੰਗੀਆਂ ਵਿੱਚ ਭਾਈਚਾਰੇ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ, ਜਿਥੇ ਅੱਜ ਵੱਖ-ਵੱਖ ਜਿਲਿਆਂ ਵਿਚ ਚੋਣ ਬੂਥਾਂ ਦੇ ਉਤੇ ਗਰਮਾ-ਗਰਮੀ ਹੋਣ ਦੀਆਂ ਖਬਰਾਂ ਹਨ ਪਰ ਪਿੰਡ ਝੁੱਗੀਆਂ ਵਿਚ ਕਿਸੇ ਵੀ ਪਾਰਟੀ ਦਾ ਚੋਣ ਬੂਥ ਨਾ ਲੱਗਣਾ ਇੱਕ ਆਪਸੀ ਭਾਈਚਾਰੇ ਦੀ ਵੱਖਰੀ ਮਿਸਾਲ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਵੱਖ-ਵੱਖ ਪਾਰਟੀਆਂ ਨਾਲ ਲੋਕ ਜੁੜੇ ਹੋਏ ਹਨ ਪਰ ਅਸੀਂ ਪਿੰਡ ਵਿੱਚ ਸਾਰੀ ਉਮਰ ਇੱਕ ਦੂਜੇ ਨਾਲ ਵਰਤਣਾ ਹੈ | ਕਿਸੇ ਦੀਆਂ ਗੱਲਾਂ ਵਿਚ ਆ ਕੇ ਅਸੀਂ ਪਿੰਡ ਦੇ ਕਿਸੇ ਵੀ ਬੰਦੇ ਨਾਲ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਉਸ ਨਾਲ ਵਿਤਕਰਾ ਨਹੀਂ ਕਰਨਾ | ਇਸ ਕਰਕੇ ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਪਿੰਡ ਵਿੱਚ ਕਿਸੇ ਪਾਰਟੀ ਦਾ ਬੂਥ ਜਾ ਝੰਡੀ ਨਹੀਂ ਲਗਾਵਾਂਗੇ | ਅੱਜ ਸਾਰੀ ਪਾਰਟੀਆਂ ਦੇ ਆਗੂ ਇੱਕ ਦੂਜੇ ਨਾਲ ਮਿਲ ਜੁਲ ਕੇ ਬੈਠੇ ਹਨ | ਇਸ ਮੌਕੇ ਸਮਾਜ ਸੇਵਕ ਬੇਅੰਤ ਸਿੰਘ ਝੂੰਗੀਆਂ ਨੇ ਕਿਹਾ ਕਿ ਨੌਜਵਾਨਾਂ ਵਲੋਂ ਕੀਤੀ ਗਈ ਇਹ ਪਹਿਲ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਮੈਨੂੰ ਮਾਣ ਹੈ ਕਿ ਮੇਰੇ ਪਿੰਡ ਦੇ ਨੌਜਵਾਨਾਂ ਨੇ ਲੀਡਰਾਂ ਦੀਆਂ ਗੱਲਾਂ ਵਿਚ ਨਾ ਆਕੇ ਆਪਸੀ ਭਾਈਚਾਰੇ ਨੂੰ ਤਰਜੀਹ ਦਿੱਤੀ ਹੈ, ਜਿਸ ਕਰਕੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ | ਇਸ ਮੌਕੇ ਇਕਬਾਲ ਬਾਲੀ ਸਾਬਕਾ ਸਰਪੰਚ, ਗੁਰਸੇਵਕ ਸਰਪੰਚ ਸੋਨੀ, ਜਸਵੀਰ ਆਮ ਪਾਰਟੀ, ਹਰਦਿਆਲ ਆਕਾਲੀ ਦਲ, ਦੀਪ ਸਿੰਘ, ਗੁਰਬਚਨ ਸਿੰਘ, ਹਰਬੰਸ ਸਿੰਘ ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਜਸਵੀਰ ਸਿੰਘ ਪੋਪੀ, ਅਤੇ ਹੋਰ ਪਿੰਡ ਵਾਸੀ ਮੌਜੂਦ ਸਨ |
ਫੋਟੋ ਨੰ 20ਪੀਏਟੀ 15