
ਹਰਿਆਣਾ ਵਾਸੀਆਂ ਨੇ ਵੀ ਖ਼ੂਬ ਦਿਖਾਈ ਪੰਜਾਬ ਦੀਆਂ ਵੋਟਾਂ ਵਿਚ ਦਿਲਚਸਪੀ
ਕਾਲਾਂਵਾਲੀ, 20 ਫ਼ਰਵਰੀ (ਸੁਰਿੰਦਰ ਪਾਲ ਸਿੰਘ): ਪੰਜਾਬ ਦੀ ਹੱਦ ਨਾਲ ਲੱਗਦੇ ਜ਼ਿਲ੍ਹਾ ਸਿਰਸਾ ਵਾਸੀਆਂ ਦੀ ਪੰਜਾਬ ਦੀਆਂ ਵੋਟਾਂ ਵਿੱਚ ਗਹਿਰੀ ਦਿਲਚਸਪੀ ਨੋਟ ਕੀਤੀ ਗਈ | ਸਾਡੇ ਪੱਤਰਕਾਰ ਨੇ ਸਿਰਸਾ ਜ਼ਿਲ੍ਹੇ ਦੇ ਨਾਲ ਲਗਦੇ ਪਿੰਡ ਗਿਆਨਾ, ਤਿਉਣਾ, ਗਾਟਵਾਲੀ ਜੋਗੇਵਾਲਾ ਅਤੇ ਮਲਕਾਣਾ ਸਮੇਤ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵੋਟਰਾਂ ਨਾਲ ਸੰਪਰਕ ਕਰਨ ਉਪਰੰਤ ਦੇਖਿਆ ਕਿ ਹਰਿਆਣਾ ਵਾਸੀ ਵੀ ਪੰਜਾਬ ਦੇ ਉਮੀਦਵਾਰਾਂ ਦੇ ਪੋਲਿੰਗ ਬੂਥਾਂ ਉੱਤੇ ਹਾਜ਼ਰ ਸਨ |
ਸਿਰਸਾ ਜ਼ਿਲ੍ਹੇ ਦੇ ਪਿੰਡ ਸੁਖਚੈਨ ਦੇ ਨੌਜਵਾਨ ਗੁਰਮੀਤ ਸਿੰਘ ਚਹਿਲ ਅਤੇ ਪਿੰਡ ਤਖਤਮੱਲ ਦੇ ਨੌਜਵਾਨ ਅਮਰਜੀਤ ਸਿੰਘ ਅਤੇ ਪਿੰਡ ਕਿਓਲ ਨਿਵਾਸੀ ਡਾ: ਬਾਰੂ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਅਤੇ ਯਾਰੀਆਂ ਦੋਸਤੀਆਂ ਪੰਜਾਬ ਦੇ ਪਿੰਡਾਂ ਵਿੱਚ ਹੋਣ ਕਰ ਕੇ ਪੰਜਾਬ ਦੀਆਂ ਵੋਟਾਂ ਵਿੱਚ ਉਨ੍ਹਾਂ ਦੀ ਗਹਿਰੀ ਦਿਲਚਸਪੀ ਹੈ |
ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਸਿਆਣੇ ਵੋਟਰਾਂ ਨੂੰ ਪੁੱਛਣ ਤੇ ਜੋ ਉੱਤਰ ਮਿਲ ਰਿਹਾ ਸੀ ਉਹ ਇਹ ਕਿ ਭਾਈ ਅਸੀਂ ਤਾਂ ਵੋਟਾਂ ਝਾੜੂ ਨੂੰ ਪਾਈਆਂ ਹਨ ਦੇਖੋ ਸਰਕਾਰ ਕਿਸ ਦੀ ਬਣਦੀ ਹੈ? ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਦਾ ਇਨ੍ਹਾਂ ਵੋਟਾਂ ਤੇ ਬਹੁਤਾ ਅਸਰ ਪੈਣ ਵਾਲਾ ਨਹੀਂ | ਸਾਡੇ ਪੱਤਰਕਾਰ ਵਲੋ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦੀ ਸਥਿਤੀ ਸਬੰਧੀ ਪੁੱਛਣ ਤੇ ਪੇਂਡੂ ਖੇਤਰ ਦੇ ਵੋਟਰਾਂ ਦਾ ਕਹਿਣਾ ਸੀ ਕਿ ਸਾਡੇ ਪਿੰਡਾਂ ਵਿਚੋਂ ਤਾਂ ਜੀ ਫੁੱਲ ਵਾਲੇ ਨੂੰ ਦਸ-ਵੀਹ ਤੋਂ ਵੱਧ ਵੋਟਾਂ ਨਹੀਂ ਪੈਣੀਆਂ | ਸਾਡੇ ਸਿਰਸਾ ਦੇ ਪੱਤਰਕਾਰ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਦੇਖਿਆ ਤਾਂ ਹਰ ਪਿੰਡ ਵਿੱਚ ਭਾਜਪਾ ਦੇ ਬੂਥ ਤਾਂ ਜ਼ਰੂਰ ਲੱਗੇ ਹੋਏ ਸਨ ਪਰ ਉਨ੍ਹਾਂ ਵਿਚ ਖਾਲੀ ਕੁਰਸੀਆਂ ਹੀ ਨਜ਼ਰ ਆ ਰਹੀਆਂ ਸਨ |
ਵੱਖ-ਵੱਖ ਇਲਾਕਿਆਂ ਦੇ ਵੋਟਰਾਂ ਦਾ ਕਹਿਣਾ ਸੀ ਕਿ ਅਕਾਲੀਆਂ ਅਤੇ ਕਾਂਗਰਸੀਆਂ ਦਾ ਆਪ ਨਾਲ ਮੁਕਾਬਲਾ ਹੈ | ਉਂਜ ਅਕਾਲੀਆਂ ਅਤੇ ਕਾਂਗਰਸੀਆਂ ਨਾਲੋਂ ਆਪ ਦੇ ਵਰਕਰ ਵੱਧ ਉਤਸ਼ਾਹਿਤ ਦਿਖਾਈ ਦੇ ਰਹੇ ਸਨ | ਵੱਖ-ਵੱਖ ਪਿੰਡਾਂ ਵਿੱਚ ਭਾਜਪਾ ਦੇ ਪਏ ਖਾਲੀ ਬੂਥਾਂ ਤੋਂ ਲੱਗਦਾ ਸੀ ਕਿ ਭਾਜਪਾ ਨੂੰ ਹਾਲੇ ਪਿੰਡਾਂ ਵਿਚ ਆਧਾਰ ਬਣਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ | ਉਂਝ ਪਿੰਡਾਂ ਵਿਚ ਕਿਤੇ ਕਿਤੇ ਕਿਸਾਨ ਮੋਰਚੇ ਦੇ ਆਗੂਆਂ ਦੇ ਬੈਨਰ ਵੀ ਦਿਖਾਈ ਦੇ ਰਹੇ ਸਨ | ਹੁਣ ਦੇਖੋ 10 ਮਾਰਚ ਦੇ ਦਿਨ ਪੰਜਾਬ ਦੇ ਸੂਝਵਾਨ ਵੋਟਰ ਕਿਸ ਪਾਰਟੀ ਦੀ ਕਿਸਮਤ ਚਮਕਾਉਂਦੇ ਹਨ |
ਤਸਵੀਰ-