
ਚੋਣ ਵਾਲੇ ਦਿਨ ਹਲਕਾ ਸ਼ੁਤਰਾਣਾ ਦੇ 9 ਮਾਡਲ ਪੋਲਿੰਗ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ
ਪਾਤੜਾਂ, 20 ਫਰਵਰੀ (ਪਵਨ ਬਾਂਸਲ): ਜਿਲ੍ਹਾ ਚੋਣ ਅਫਸਰ ਪਟਿਆਲਾ ਦੀਆਂ ਹਦਾਇਤਾਂ ਅਧੀਨ ਅਤੇ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਹਲਕਾ ਸ਼ੁਤਰਾਣਾ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ 2022 ਲਈ ਹਲਕਾ ਸ਼ੁਤਰਾਣਾ ਵਿੱਚ ਅੱਜ ਚੋਣਾਂ ਵਾਲੇ ਦਿਨ ਸਥਾਪਤ ਕੀਤੇ ਗਏ 9 ਮਾਡਲ ਪੋਲਿੰਗ ਬੂਥ ਹਲਕੇ ਦੇ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ | ਹਲਕਾ ਸਵੀਪ ਨੋਡਲ ਅਫਸਰ ਰਾਹੁਲ ਅਰੋੜਾ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 9 ਮਾਡਲ ਪੋਲਿੰਗ ਬੂਥਾਂ 'ਚੋਂ 6 ਬੂਥ ਮਾਡਲ ਬੂਥ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ਸਨ | ਇਨ੍ਹਾਂ 9 ਮਾਡਲ ਬੂਥਾਂ ਨੂੰ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਤਰ੍ਹਾਂ ਦੀ ਚੋਣ ਸਮੱਗਰੀ ਜਿਵੇਂ ਕਿ ਵੋਟਰਾਂ ਲਈ ਸੈਲਫੀ ਸਟੈਂਡ, ਸ਼ੇਰਾ ਚੋਣ ਮਸਕਟ ਦੀ ਸਟੈਂਡੀਜ਼, ਵੱਖ-ਵੱਖ ਤਰ੍ਹਾਂ ਦੇ ਫਲੈਕਸ, ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਚਾਰਟ, ਪੋਸਟਰਜ਼, ਸਟੀਕਰ , ਰੰਗੋਲੀ ਆਦਿ ਨਾਲ ਸਜਾਇਆ ਗਿਆ | ਇਨ੍ਹਾਂ 9 ਮਾਡਲ ਬੂਥਾਂ 'ਚੋਂ 1 ਪਿੰਕ ਮਾਡਲ ਬੂਥ ਜੋ ਕਿ ਨਗਰ ਕੌਂਸਲ ਪਾਤੜਾਂ ਵਿਖੇ ਸਥਾਪਤ ਕੀਤਾ ਗਿਆ ਸੀ, ਇਸ ਬੂਥ ਵਿੱਚ ਮੁਕੰਮਲ ਪੋਲਿੰਗ ਪਾਰਟੀ ਅਤੇ ਸਟਾਫ ਔਰਤ ਵਰਗ ਦਾ ਸੀ, ਜਿਨ੍ਹਾਂ ਵਲੋਂ ਕੇਵਲ ਪਿੰਕ ਰੰਗ ਦਾ ਪਹਿਰਾਵਾ ਪਾ ਕੇ ਡਿਊਟੀ ਨਿਭਾਈ ਗਈ | ਉਕਤ ਬੂਥ ਨੂੰ ਪਿੰਕ ਰੰਗ ਦੇ ਟੈਂਟ, ਗੁਬਾਰਿਆਂ ਅਤੇ ਹੋਰ ਸਾਜੋ-ਸਮਾਨ ਨਾਲ ਹੀ ਸਜਾਇਆ ਗਿਆ ਸੀ | ਇਹ ਬੂਥ ਮਹਿਲਾ ਵਰਗ ਦੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਹੱਕ ਅਦਾ ਕਰਨ ਸਬੰਧੀ ਇੱਕ ਪ੍ਰੋਤਸਾਹਨ ਭਰਿਆ ਉਪਰਾਲਾ ਸਾਬਤ ਹੋਇਆ |
ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾ ਦੇ ਕਿਰਤੀ ਕਾਲਜ ਨਿਆਲ ਵਿਖੇ ਪੀ. ਡਬਲਿਊ. ਡੀ. ਬੂਥ ਵੀ ਸਥਾਪਿਤ ਕੀਤਾ ਗਿਆ | ਜਿਸ ਵਿੱਚ ਵਿਸ਼ੇਸ਼ ਤੌਰ ਤੇ ਦਿਵਿਆਂਗਜਨ ਵਰਗ ਦੀ ਪੋਲਿੰਗ ਪਾਰਟੀ ਨੂੰ ਡਿਊਟੀ 'ਤੇ ਲਗਾਇਆ ਗਿਆ | ਇਹ ਬੂਥ ਦਿਵਿਆਂਗਜਨ ਵਰਗ ਦੇ ਵੋਟਰਾਂ ਵਾਸਤੇ ਵੋਟ ਪਾਉਣ ਲਈ ਪ੍ਰੇਰਣਾਸਰੋਤ ਬੂਥ ਸਾਬਿਤ ਹੋਇਆ | ਇੰਨ੍ਹਾਂ ਸਾਰੇ ਮਾਡਲ ਬੂਥਾਂ ਤੇ ਆਉਣ ਵਾਲੇ ਵੋਟਰਾਂ ਦੇ ਛੋਟੇ ਬੱਚਿਆ ਲਈ ਵਿਸ਼ੇਸ਼ ਕਰੰਚ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਉਹਨਾਂ ਵਲੋ ਇਹ ਵੀ ਦੱਸਿਆ ਗਿਆ ਕਿ ਚੋਣ ਕਮਿਸ਼ਨ ਪੰਜਾਬ ਜੀ ਦੇ ਇਨ੍ਹਾਂ ਮਾਡਲ ਬੂਥਾਂ ਦੀ ਸਥਾਪਨਾ ਦੇ ਉਪਰਾਲੇ ਸਦਕਾ ਵੋਟਰਾਂ ਅਤੇ ਕਰਮਚਾਰੀਆਂ ਵਿੱਚ ਚੋਣਾਂ ਸਬੰਧੀ ਵਿਸ਼ੇਸ਼ ਉਤਸੁਕਤਾ ਅਤੇ ਖੁਸ਼ੀ ਵੇਖੀ ਗਈ ਅਤੇ ਵੋਟਾਂ ਦੀ ਇਸ ਵਾਰ ਦੀ ਮੁਹਿੰਮ ਨੂੰ ਇੱਕ ਨਿਵੇਕਲਾ ਅਰਥ ਪ੍ਰਦਾਨ ਕੀਤਾ | ਉਨ੍ਹਾਂ ਵੱਲੋਂ ਹਲਕਾ ਸ਼ੁਤਰਾਣਾ ਦੇ ਚੋਣਕਾਰ ਰਜ਼ਿਸਟਰੇਸ਼ਨ ਅਫਸਰ ਅਤੇ ਸਮੂਹ ਸਵੀਪ ਅਤੇ ਪੀ. ਡਬਲਿਊ. ਡੀ. ਟੀਮ ਦੀ ਤਹਿ ਦਿਲੋ ਪ੍ਰਸ਼ੰਸਾ ਕੀਤੀ ਗਈ | ਇਸ ਤਰ੍ਹਾਂ ਨਾਲ ਹਲਕਾ ਸ਼ੁਤਰਾਣਾ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਸਵੀਪ ਅਤੇ ਪੀ. ਡਬਲਿਊ. ਡੀ. ਸਬੰਧੀ ਵੱਖ-ਵੱਖ ਗਤੀਵਿਧੀਆਂ ਨੂੰ ਸਫਲਤਾਪੂਰਵਕ ਸਮਾਪਤ ਕੀਤਾ ਗਿਆ |
ਫੋਟੋ ਨੰ 20ਪੀਏਟੀ. 11